01/01/2024
ਪਠਾਨਕੋਟ-ਜਲੰਧਰ ਹਾਈਵੇ ਚੱਕਚਿਮਨਾ ਨੇੜੇ ਤੇਜ਼ ਰਫ਼ਤਾਰ ਟਰੱਕ ਤੇ ਕਾਰ ਵਿਚ ਟੱਕਰ ਹੋਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ ਜਦਕਿ ਕਾਰ ’ਚ ਸਵਾਰ ਉਸ ਦੀ ਪਤਨੀ ਤੇ ਤਿੰਨ ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਪਠਾਨਕੋਟ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਵਿਸ਼ਵਦੀਪ ਸਿੰਘ ਛੋਟੇਪੁਰ ਸੁਜਾਨਪੁਰ ਦਾ ਰਹਿਣ ਵਾਲਾ ਸੀ। ਜਦਕਿ ਪਤਨੀ ਮੀਨਾਕਸ਼ੀ, 4 ਸਾਲਾ ਲੜਕਾ ਵਿਵਾਨ ਸਿੰਘ, 17 ਸਾਲਾ ਲੜਕੀ ਭੂਮੀ ਅਤੇ 13 ਸਾਲਾ ਨਿਸ਼ਠਾ ਵੀ ਜ਼ਖ਼ਮੀ ਹੋ ਗਏ। ਡਰਾਈਵਰ ਟਰੱਕ ਤੋਂ ਛਾਲ ਮਾਰ ਕੇ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ। ਨੰਗਲਭੂਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਤੇ ਨੁਕਸਾਨੀ ਕਾਰ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਕਰਨ ਸਿੰਘ ਵਾਸੀ ਨੰਗਲ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਹ 31 ਦਸੰਬਰ ਦੀ ਰਾਤ ਨੂੰ ਆਪਣੇ ਨਿੱਜੀ ਕੰਮ ਦੇ ਸਬੰਧ ਵਿਚ ਅੱਡਾ ਮੀਰਥਲ ਵਿਖੇ ਆਪਣੀ ਕਾਰ ’ਚ ਖੜ੍ਹਾ ਸੀ। ਵਿਸ਼ਵਦੀਪ ਸਿੰਘ ਉਸਦੇ ਚਾਚਾ ਬਲਵੀਰ ਸਿੰਘ ਵਾਸੀ ਛੋਟੇਪੁਰ ਸੁਜਾਨਪੁਰ ਦਾ ਜਵਾਈ ਹੈ, ਜੋ ਕਿ ਹੈਦਰਾਬਾਦ ਵਿਖੇ ਡੀਐੱਸਸੀ ਵਿਭਾਗ ਵਿਚ ਕੰਮ ਕਰਦਾ ਹੈ ਅਤੇ ਚੰਡੀਗੜ੍ਹ ਤੋਂ ਕਾਰ ਵਿਚ ਆਪਣੇ ਪਿੰਡ ਨੰਗਲ ਆ ਰਿਹਾ ਸੀ ਤਾਂ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਮਿਲਿਆ। ਉਨ੍ਹਾਂ ਇਕ-ਦੂਜੇ ਦੇ ਪਰਿਵਾਰਾਂ ਦਾ ਹਾਲ-ਚਾਲ ਪੁੱਛਿਆ ਅਤੇ ਬਾਅਦ ਵਿਚ ਪਿੰਡ ਨੰਗਲ ਲਈ ਚਲ ਪਏ। ਵਿਸ਼ਵਦੀਪ ਸਿੰਘ ਕਾਰ ਵਿਚ ਅੱਗੇ ਸੀ ਅਤੇ ਉਹ ਆਪਣੀ ਕਾਰ ਵਿਚ ਉਸਦੇ ਪਿੱਛੇ ਜਾ ਰਿਹਾ ਸੀ।
ਜਦੋਂ ਉਹ ਢਾਕੀ ਸੈਦਾ ਤੋਂ ਚੱਕ ਚਿਮਨਾ ਵਾਲੇ ਪਾਸੇ ਪਹੁੰਚਿਆ ਤਾਂ ਇਕ 14 ਟਾਇਰ ਵਾਲਾ ਟਰੱਕ ਬਹੁਤ ਤੇਜ਼ ਅਤੇ ਲਾਪਰਵਾਹੀ ਨਾਲ ਚੱਲ ਰਿਹਾ ਸੀ। ਜਿਸ ਨੇ ਅਚਾਨਕ ਆਪਣੇ ਟਰੱਕ ਦਾ ਕੱਟ ਮਾਰ ਕੇ ਬੇ੍ਰਕਾਂ ਮਾਰ ਦਿੱਤੀਆਂ। ਜਿਸ ਵਿਚ ਵਿਸ਼ਵਦੀਪ ਦੀ ਕਾਰ ਟਰੱਕ ਦੇ ਪਿਛਲੇ ਪਾਸੇ ਨਾਲ ਟਕਰਾ ਗਈ। ਹਾਦਸੇ ਵਿਚ ਵਿਸ਼ਵਦੀਪ ਸਿੰਘ ਦੀ ਕਾਰ ਦਾ ਇੰਜਣ ਅਤੇ ਅਗਲਾ ਹਿੱਸਾ ਚਕਨਾਚੂਰ ਹੋ ਗਿਆ।
ਟਰੱਕ ਦਾ ਡਰਾਈਵਰ ਮੌਕੇ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ। ਇਸ ਹਾਦਸੇ ਵਿਚ ਵਿਸ਼ਵਦੀਪ ਸਿੰਘ, ਉਸ ਦੀ ਪਤਨੀ ਮੀਨਾਕਸ਼ੀ, 4 ਸਾਲਾ ਲੜਕਾ ਵਿਵਾਨ ਸਿੰਘ, 17 ਸਾਲਾ ਲੜਕੀ ਭੂਮੀ ਤੇ ਛੋਟੀ ਲੜਕੀ ਨਿਸ਼ਠਾ ਜ਼ਖ਼ਮੀ ਹੋ ਗਏ। ਉਹ ਐਂਬੂਲੈਂਸ ਦਾ ਇੰਤਜ਼ਾਮ ਕਰ ਕੇ ਉਨ੍ਹਾਂ ਨੂੰ ਪਠਾਨਕੋਟ ਦੇ ਇਕ ਨਿੱਜੀ ਹਸਪਤਾਲ ਲੈ ਗਏ। ਜਿੱਥੇ ਡਾਕਟਰ ਨੇ ਜ਼ਖ਼ਮੀ ਵਿਸ਼ਵਦੀਪ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਥਾਣਾ ਨੰਗਲਭੂਰ ਪੁਲਿਸ ਮੌਕੇ ’ਤੇ ਪੁੱਜੀ। ਪੁਲਿਸ ਨੇ ਟਰੱਕ ਚਾਲਕ ਪਵਨ ਕੁਮਾਰ ਵਾਸੀ ਗੁਰਦਾਸਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Comments