03/11/2024
ਕਾਂਗਰਸ ਹਾਈ ਕਮਾਂਡ ਦੇ ਲਾਰਿਆਂ ਅਤੇ ਜ਼ਿਮਨੀ ਚੋਣ ਲਈ ਹਲਕਾ ਚੱਬੇਵਾਲ ਤੋਂ ਟਿਕਟ ਨਾ ਮਿਲਣ ਤੋਂ ਦੁਖ਼ੀ ਕਾਂਗਰਸ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਰਸੂਲਪੁਰੀ ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਕਾਂਗਰਸ ਨੂੰ ਅਲਵਿਦਾ ਆਖ਼ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਨੇ ਉਨ੍ਹਾਂ ਨੂੰ ਮੁੱਖ਼ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਆਪ ਵਿਚ ਸ਼ਾਮਿਲ ਕਰਵਾਇਆ। ਉਨ੍ਹਾਂ ਦੇ ਨਾਲ ਹਲਕਾ ਚੱਬੇਵਾਲ ਤੋਂ ਕਾਂਗਰਸ ਦੇ ਯੂਥ ਪ੍ਰਧਾਨ ਚੌਧਰੀ ਗੁਰ੍ਰਪੀਤ ਸਿੰਘ ਵੀ ਆਪ ਵਿਚ ਸ਼ਾਮਿਲ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਜਦੋਂ ਡਾ ਰਾਜ ਕੁਮਾਰ ਸਭ ਨੂੰ ਹੈਰਾਨੀ ਵਿਚ ਪਾ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ ਤਾਂ ਕਾਂਗਰਸੀ ਹਾਈ ਕਮਾਂਡ ਨੇ ਚੱਬੇਵਾਲ ਹਲਕੇ ਦੀ ਵਾਗਡੋਰ ਟਕਸਾਲੀ ਕਾਂਗਰਸੀ ਆਗੂ ਅਤੇ ਸਰਪੰਚ ਪੰਚ ਯੂਨੀਅਨ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਰਸੂਲਪੁਰੀ ਦੇ ਹੱਥ ਫ਼ੜਾ ਕੇ ਉਨ੍ਹਾਂ ਨੂੰ ਜਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਵਜੋਂ ਤਿਆਰੀ ਲਈ ਕਾਂਗਰਸ ਹਾਈ ਕਮਾਂਡ ਨੇ ਹਰੀ ਝੰਡੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਕੁਲਵਿੰਦਰ ਸਿੰਘ ਰਸੂਲਪੁਰੀ ਨੇ ਚੱਬੇਵਾਲ ਵਿਖੇ ਪਾਰਟੀ ਦਫ਼ਤਰ ਖ਼ੋਹਲ ਕੇ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਪਿੰਡਾਂ ਅਤੇ ਹਲਕੇ ਵਿਚ ਤੇਜ ਕਰਦੇ ਹੋਏ ਨਵੇਂ ਜੋਨ ਪ੍ਰਧਾਨ ਵੀ ਥਾਪੇ ਸਨ। ਕਾਂਗਰਸ ਨੂੰ ਮੁੜ ਹਲਕੇ ਵਿਚ ਸੁਰਜੀਤ ਕਰਕੇ ਜਿਮਨੀ ਚੋਣ ਦੀਆਂ ਤਿਆਰੀਆਂ ਵਿਚ ਕਾਂਗਰਸੀ ਉਮੀਦਵਾਰ ਵਜੋਂ ਵਿਚਰਨ ਵੀ ਲੱਗੇ ਸਨ ਪਰੰਤੂ ਨਾਮਜਦਗੀਆਂ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਨੇ ਬਸਪਾ ਛੱਡ ਕੇ ਆਏ ਐਡਵੋਕੇਟ ਰਣਜੀਤ ਕੁਮਾਰ ਨੂੰ ਟਿਕਟ ਦੇ ਦਿੱਤੀ ਜਿਸ ਕਾਰਨ ਕੁਲਵਿੰਦਰ ਸਿੰਘ ਰਸੂਲਪੁਰੀ ਦੀ ਮਿਹਨਤ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਸੀ।
ਕਾਂਗਰਸ ਦਫ਼ਤਰ ਤੋਂ ਫ਼ਾੜੇ ਸਨ ਹੋਰਡਿੰਗ
ਕਾਂਗਰਸ ਵਲੋਂ ਟਿਕਟ ਨਾ ਮਿਲਣ ਤੋਂ ਦੁਖ਼ੀ ਕੁਲਵਿੰਦਰ ਸਿੰਘ ਰਸੂਲਪੁਰ ਨੇ ਦੂਜੇ ਦਿਨ ਹੀ ਆਪਣੇ ਸਮਰਥਕਾਂ ਦੀ ਮੀਟਿੰਗ ਕਰਕੇ ਨਾ ਸਿਰਫ਼ ਸਮੂਹਿਕ ਤੌਰ ’ਤੇ ਕਾਂਗਰਸ ਤੋਂ ਅਸਤੀਫ਼ੇ ਦੇ ਦਿੱਤੇ ਸਨ ਬਲਕਿ ਉਨ੍ਹਾਂ ਵਲੋਂ ਖ਼ੋਹਲੇ ਗਏ ਚੱਬੇਵਾਲ ਵਿਖੇ ਕਾਂਗਰਸੀ ਦਫ਼ਤਰ ਤੋਂ ਕਾਂਗਰਸ ਸਬੰਧੀ ਲਗਾਏ ਹੋਰਡਿੰਗ ਫ਼ਾੜ ਕੇ ਆਪਣੇ ਗੁੱਸੇ ਨੂੰ ਜਗ ਜਾਹਿਰ ਕੀਤਾ ਸੀ। ਉਨ੍ਹਾਂ ਸਪਸ਼ਟ ਕੀਤਾ ਸੀ ਕਿ ਉਹ ਤਾਂ ਕੀ ਉਨ੍ਹਾਂ ਦੀਆਂ ਸੱਤ ਪੀੜ੍ਹੀਆਂ ਵੀ ਕਦੀ ਕਾਂਗਰਸ ਵੱਲ ਮੂੰਹ ਨਹੀਂ ਕਰਨਗੀਆਂ।
ਐਮਪੀ ਡਾ. ਰਾਜ ਕੁਮਾਰ ਦਾ ਉੱਦਮ
ਕੁਲਵਿੰਦਰ ਸਿੰਘ ਅਤੇ ਉਸ ਦੇ ਸਮਰਥਕਾਂ ਵਲੋਂ ਦਿੱਤੇ ਅਸਤੀਫ਼ੇ ਤੋਂ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ ਰਾਜ ਕੁਮਾਰ ਚੱਬੇਵਾਲ ਵਲੋਂ ਬਿਨ੍ਹਾਂ ਸਮਾਂ ਗੁਆਏ 31 ਅਕਤੂਬਰ ਨੂੰ ਜਦੋਂ ਸਾਰਾ ਇਲਾਕਾ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਡਾ ਰਾਜ ਕੁਮਾਰ ਨੇ ਕੁਲਵਿੰਦਰ ਸਿੰਘ ਰਸੂਲਪੁਰੀ ਦੇ ਮਾਹਿਲਪੁਰ ਵਿਖੇ ਸਥਿਤ ਉਨ੍ਹਾਂ ਦੇ ਘਰ ਵਿਚ ਪਹੁੰਚ ਕੇ ਗੁਪਤ ਮੀਟਿੰਗ ਕਰਕੇ ਉਨ੍ਹਾਂ ਨੂੰ ਆਪ ਵਿਚ ਸ਼ਾਮਿਲ ਕਰਵਾਉਣ ਲਈ ਮਨਾ ਲਿਆ ਸੀ। ਡਾ ਰਾਜ ਹੀ ਉਨ੍ਹਾਂ ਨੂੰ ਮੁੱਖ਼ ਮੰਤਰੀ ਭਗਵੰਤ ਮਾਨ ਕੋਲ ਲੈ ਗਏ ਅਤੇ ਚੰਡੀਗੜ੍ਹ ਵਿਖੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਲਿਆ।
ਇਸ ਸਬੰਧੀ ਡਾ ਰਾਜ ਕੁਮਾਰ ਨੇ ਕਿਹਾ ਕਿ ਕੁਲਵਿੰਦਰ ਸਿੰਘ ਰਸੂਲਪੁਰੀ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਆਪ ਵਿਚ ਸ਼ਾਮਿਲ ਹੋਣ ਨਾਲ ਆਪ ਨਾ ਸਿਰਫ਼ ਹਲਕਾ ਚੱਬੇਵਾਲ ਵਿਚ ਬਲਕਿ ਪੂਰੇ ਜਿਲ੍ਹੇ ਵਿਚ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਰਸੂਲਪੁਰੀ ਨੂੰ ਪਾਰਟੀ ਵਿਚ ਬਣਦਾ ਪੂਰਾ ਮਾਣ ਸਨਮਾਨ ਮਿਲੇਗਾ।
留言