31/12/2023
26 ਜਨਵਰੀ ਦੀ ਪਰੇਡ 'ਚ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਸਬੰਧੀ ਰੱਖਿਆ ਮੰਤਰਾਲੇ ਵੱਲੋਂ ਦਿੱਤੇ ਸਪੱਸ਼ਟੀਕਰਨ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਦਰਅਸਲ ਪੰਜਾਬ ਦੀਆਂ ਝਾਕੀਆਂ ਨੂੰ 23 ਜਨਵਰੀ ਤੋਂ 31 ਜਨਵਰੀ ਤਕ ਲਾਲ ਕਿਲ੍ਹੇ 'ਤੇ ਚੱਲਣ ਵਾਲੇ ਭਾਰਤ ਪਰਵ 'ਚ ਸ਼ਾਮਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤੋਂ ਸੀਐੱਮ ਮਾਨ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣੇ ਐਕਸ ਹੈਂਡਲ 'ਤੇ ਟਵੀਟ ਕਰ ਕੇ ਕਿਹਾ, 'ਅਸੀਂ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਊਧਮ ਸਿੰਘ, ਮਾਈ ਭਾਗੋ ..ਕਰਤਾਰ ਸਰਾਭੇ..ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ rejected categories 'ਚ ਨਹੀਂ ਭੇਜਣਾ ..ਇਹ ਸਾਡੇ ਹੀਰੋ ਨੇ ..ਇਨ੍ਹਾਂ ਦਾ ਮਾਣ ਸਨਮਾਨ ਕਰਨਾ ਅਸੀਂ ਜਾਣਦੇ ਹਾਂ ..ਭਾਜਪਾ ਦੀ NOC ਦੀ ਲੋੜ ਨਹੀਂ ..'
ਜ਼ਿਕਰਯੋਗ ਹੈ ਕਿ ਰੱਖਿਆ ਮੰਤਰਾਲੇ ਵੱਲੋਂ ਗਣਤੰਤਰ ਦਿਵਸ 2024 ਦੀ ਪਰੇਡ 'ਚ ਪੰਜਾਬ ਅਤੇ ਪੱਛਮੀ ਬੰਗਾਲ ਦੀ ਝਾਕੀ ਨੂੰ ਸ਼ਾਮਲ ਨਾ ਕਰਨ ਸਬੰਧੀ ਜਵਾਬ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਰਾਜਾਂ ਦੀ ਝਾਕੀ ਨੂੰ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਹਟਾ ਦਿੱਤਾ ਗਿਆ ਹੈ। ਮੰਤਰਾਲੇ ਦੇ ਨੋਟਿਸ 'ਚ ਕਿਹਾ ਗਿਆ ਹੈ ਕਿ ਇਸ ਵਾਰ ਦੋਵਾਂ ਦੀ ਝਾਕੀ ਪਰੇਡ ਦੀ ਥੀਮ ਮੁਤਾਬਕ ਨਹੀਂ ਸੀ। ਮੰਤਰਾਲੇ ਨੇ ਕਿਹਾ ਕਿ ਮਾਹਿਰਾਂ ਦੀ ਕਮੇਟੀ ਦੀ ਮੀਟਿੰਗ ਤੋਂ ਪਹਿਲੇ ਤਿੰਨ ਦੌਰ 'ਚ ਪੰਜਾਬ ਦੀ ਝਾਕੀ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਗਿਆ ਸੀ। ਤੀਜੇ ਦੌਰ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੀ ਝਾਕੀ 'ਤੇ ਵਿਚਾਰ ਨਹੀਂ ਕੀਤਾ ਗਿਆ। ਝਾਕੀ ਨੂੰ ਅੱਗੇ ਨਹੀਂ ਵਿਚਾਰਿਆ ਗਿਆ ਕਿਉਂਕਿ ਇਹ ਇਸ ਵਾਰ ਦੀ ਪਰੇਡ ਦੇ ਵਿਆਪਕ ਥੀਮ ਦੇ ਅਨੁਸਾਰ ਨਹੀਂ ਸੀ।
Comments