11/01/2024
ਜੇਲ੍ਹ ’ਚ ਰਹਿੰਦੇ ਹੋੇਏ ਪਾਕਿਸਤਾਨ ਤੋਂ ਪੰਜ ਕਿੱਲੋ ਹੈਰੋਇਨ ਮੰਗਵਾਉਣ ਦੇ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਹੈਰਾਨੀ ਪ੍ਰਗਟਾਈ ਕਿ ਕਿਵੇਂ ਜੇਲ੍ਹ ਤੋਂ ਇਸ ਤਰ੍ਹਾਂ ਦੇ ਕੰਮ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਭਵਿੱਖ ਵਿਚ ਅਜਿਹਾ ਨਾ ਹੋਵੇ, ਇਸਦੇ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਤੋਂ ਤਲਬ ਕੀਤਾ ਹੈ।
ਪਟੀਸ਼ਨ ਦਾਖਲ ਕਰਦੇ ਹੋਏ ਬਲਦੇਵ ਸਿੰਘ ਨੇ ਐੱਨਡੀਪੀਐੱਸ ਦੇ ਮਾਮਲੇ ’ਚ ਜ਼ਮਾਨਤ ਦੇਣ ਦੀ ਅਪੀਲ ਕੀਤੀ ਸੀ। ਸੁਣਵਾਈ ਦੌਰਾਨ ਜਦੋਂ ਪੰਜਾਬ ਸਰਕਾਰ ਨੇ ਜਵਾਬ ਸੌਂਪਿਆ ਤਾਂ ਸਾਹਮਣੇ ਆਇਆ ਕਿ ਪਟੀਸ਼ਨਕਰਤਾ ਨੇ ਜੇਲ੍ਹ ਤੋਂ ਪਾਕਿਸਤਾਨ ’ਚ ਆਪਣੇ ਸੰਪਰਕ ਨੂੰ ਫੋਨ ਕਰ ਕੇ ਪੰਜ ਕਿੱਲੋ ਨਸ਼ੀਲੀ ਸਮੱਗਰੀ ਭਾਰਤ ’ਚ ਮੰਗਵਾਈ ਸੀ। ਇਹ ਸਮੱਗਰੀ ਹਾਸਲ ਕਰਨ ਵਾਲਿਆਂ ਨੂੰ ਅੰਮ੍ਰਿਤਸਰ ਪੁਲਿਸ ਨੇ ਫੜਿਆ ਸੀ ਜਿਸਦੇ ਬਾਅਦ ਪਟੀਸ਼ਨਕਰਤਾ ਦੀ ਭੂਮਿਕਾ ਸਾਹਮਣੇ ਆਈ ਸੀ। ਹਾਈ ਕੋਰਟ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਕਿ ਜੇਲ੍ਹ ’ਚ ਮੌਜੂਦ ਇਕ ਵਿਅਕਤੀ ਪਾਕਿਸਤਾਨ ’ਚ ਆਪਣੇ ਨੈੱਟਵਰਕ ਦੀ ਵਰਤੋਂ ਕਰਦੇ ਹੋਏ ਨਸ਼ਾ ਭਾਰਤ ਮੰਗਵਾ ਰਿਹਾ ਹੈ। ਹਾਈ ਕੋਰਟ ਨੇ ਇਸ ਬਾਰੇ ਗ੍ਰਹਿ ਸਕੱਤਰ ਨੂੰ ਵਿਸਥਾਰਤ ਹਲਫਨਾਮਾ ਦਾਖਲ ਕਰਨ ਦਾ ਆਦੇਸ਼ ਦਿੱਤਾ। ਇਸਦੇ ਨਾਲ ਹੀ ਇਹ ਵੀ ਆਦੇਸ਼ ਦਿੱਤਾ ਕਿ ਭਵਿੱਖ ਵਿਚ ਅਜਿਹਾ ਨਾ ਹੋਵੇ, ਇਸਨੂੰ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ।
Comentarios