16/01/2024
ਜੀਜੇ ਨਾਲ ਕੁੱਟਮਾਰ ਮਾਮਲੇ ’ਚ ਦੋ ਸਾਲ ਦੀ ਕੈਦ ਦੀ ਸਜ਼ਾ ਦੇ ਵਿਰੋਧ ’ਚ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਜ਼ਿਲ੍ਹਾ ਸੈਸ਼ਨ ਕੋਰਟ ’ਚ ਕੀਤੀ ਅਪੀਲ ’ਤੇ ਸੋਮਵਾਰ ਨੂੰ ਅਦਾਲਤ ਨੇ 19 ਜਨਵਰੀ ਦੀ ਤਰੀਕ ਤੈਅ ਕੀਤੀ ਹੈ। ਅਮਨ ਅਰੋੜਾ ਵੱਲੋਂ ਉਨ੍ਹਾਂ ਦੇ ਵਕੀਲ ਯੋਗੇਸ਼ ਗੁਪਤਾ ਤੇ ਵਿਰੋਧੀ ਧਿਰ ਵੱਲੋਂ ਵਕੀਲ ਗਗਨਦੀਪ ਸਿੰਘ ਸਿਵੀਆ ਅਦਾਲਤ ’ਚ ਪੇਸ਼ ਹੋਏ। ਕੈਬਨਿਟ ਮੰਤਰੀ ਵੱਲੋਂ ਅੰਤ੍ਰਿਮ ਦੋਸ਼ ਸਿੱਧੀ ’ਤੇ ਰੋਕ ਦੀ ਮੰਗ ਕੀਤੀ ਗਈ ਹੈ, ਜਿਸ ’ਤੇ ਹਾਲੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ।
ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਸੁਨਾਮ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ, ਉਨ੍ਹਾਂ ਦੀ ਮਾਤਾ ਪਰਮੇਸ਼ਵਰੀ ਦੇਵੀ ਸਮੇਤ ਨੌਂ ਲੋਕਾਂ ਨੂੰ ਦੋ-ਦੋ ਸਾਲ ਦੀ ਸਜ਼ਾ ਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਮੰਤਰੀ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਜੀਜਾ ਰਾਜਿੰਦਰ ਦੀਪਾ ਦੇ ਘਰ ’ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ਸਾਬਤ ਹੋਏ ਸਨ। 15 ਸਾਲ ਤਕ ਸੁਨਾਮ ਅਦਾਲਤ ’ਚ ਵਿਚਾਰ ਅਧੀਨ ਕੇਸ ਦੌਰਾਨ ਅਦਾਲਤ ਨੇ ਉਕਤ ਸਜ਼ਾ ਸੁਣਾਈ ਸੀ। ਬਾਅਦ ’ਚ ਅਦਾਲਤ ਨੇ ਅਰੋੜਾ ਨੂੰ ਸੈਸ਼ਨ ਕੋਰਟ ’ਚ ਅਪੀਲ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਸੀ। ਅਦਾਲਤ ’ਚ ਕੈਬਨਿਟ ਮੰਤਰੀ ਨੇ ਅੰਤ੍ਰਿਮ ਦੋਸ਼ ਸਿੱਧੀ ’ਤੇ ਰੋਕ ਦੀ ਅਪੀਲ ਦਾਖ਼ਲ ਕੀਤੀ ਹੈ। ਅਦਾਲਤ ਨੇ ਸੋਮਵਾਰ ਨੂੰ ਇਸ ’ਤੇ ਵਿਚਾਰ ਲਈ ਅਗਲੀ ਪੇਸ਼ੀ 19 ਜਨਵਰੀ ਤੈਅ ਕੀਤੀ ਹੈ।
Comments