19/01/2024
ਜੰਗਲਾਤ ਵਿਭਾਗ ’ਚ ਘੁਟਾਲੇ ਵਿਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਬਾਅਦ ਈਡੀ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ’ਤੇ ਵੀ ਸ਼ਿਕੰਜਾ ਕੱਸ ਸਕਦੀ ਹੈ। ਈਡੀ ਵੱਲੋਂ ਗਿਲਜੀਆਂ ਦੇ ਘਰ ’ਤੇ ਪਹਿਲਾਂ ਹੀ ਛਾਪੇਮਾਰੀ ਕੀਤੀ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਜੰਗਲਾਤ ਵਿਭਾਗ ਵਿਚ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਮਾਮਲੇ ਵਿਚ ਸਾਬਕਾ ਮੰਤਰੀ ਗਿਲਜੀਆਂ ਦਾ ਵੀ ਨਾਮ ਸੀ ਪਰ ਇਸ ਮਾਮਲੇ ਵਿਚ ਉਨ੍ਹਾਂ ਦੀ ਗਿ੍ਰਫਤਾਰੀ ਵਿਜੀਲੈਂਸ ਵੱਲੋਂ ਨਹੀਂ ਕੀਤੀ ਗਈ ਸੀ। ਉਧਰ ਈਡੀ ਕਾਂਗਰਸ ਦੇ ਛੇ ਤੋਂ ਵੱਧ ਸਾਬਕਾ ਮੰਤਰੀਆਂ ਤੇ 7 ਸਾਬਕਾ ਸਿਵਲ ਤੇ ਪੁਲਿਸ ਅਧਿਕਾਰੀਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਮੁਤਾਬਿਕ ਜਿਨ੍ਹਾਂ ਨੇਤਾਵਾਂ ਤੇ ਅਫਸਰਾਂ ਦੀ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ, ਉਨ੍ਹਾਂ ਸਾਰੇ ਮਾਮਲਿਆਂ ਦਾ ਰਿਕਾਰਡ ਈਡੀ ਵੱਲੋਂ ਲਿਆ ਜਾ ਚੁੱਕਾ ਹੈ। ਨੇਤਾਵਾਂ ਨੂੰ ਡਰ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਈਡੀ ਆਪਣਾ ਸ਼ਿਕੰਜਾ ਕੱਸ ਸਕਦੀ ਹੈ। ਈਡੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਉਨ੍ਹਾਂ ਦੇ ਕਰੀਬੀਆਂ ’ਤੇ ਵੀ ਛਾਪੇਮਾਰੀ ਕਰ ਚੁੱਕੀ ਹੈ। ਈਡੀ ਸਾਰਿਆਂ ਦੇ ਖਾਤਿਆਂ ਤੇ ਪ੍ਰਾਪਰਟੀ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਈਡੀ ਦੇ ਨਿਸ਼ਾਨੇ ’ਤੇ ਸੱਤਾਧਾਰੀ ਪਾਰਟੀ ਦੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੀ ਹਨ। ਪਿਛਲੇ ਸਾਲ ਕੁਲਵੰਤ ਸਿੰਘ ਦੇ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਈਡੀ ਨੇ ਕਈ ਦਸਤਾਵੇਜ਼ ਕਬਜ਼ੇ ਵਿਚ ਲਏ ਸੀ। ਈਡੀ ਵੱਲੋਂ ਪਹਿਲਾਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੂੰ ਵੀ ਈਡੀ ਵੱਲੋਂ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ। ਨਾਲ ਹੀ ਏਅਰਪੋਰਟ ਰੋਡ ਨਿਰਮਾਣ ਘੁਟਾਲੇ, ਸਿੰਚਾਈ ਘੁਟਾਲੇ ’ਚ ਵੀ ਈਡੀ ਕਾਰਵਾਈ ਕਰ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਈਡੀ ਹੋਰ ਮਾਮਲਿਆਂ ਵਿਚ ਵੀ ਵੱਡੀ ਕਾਰਵਾਈ ਕਰ ਸਕਦੀ ਹੈ।
Comments