21/01/2024
ਦੇਸੀ ਪਿਸਤੌਲਾਂ ਨਾਲ ਲੈਸ ਹੋਏ ਪੰਜ ਮੈਂਬਰੀ ਗਿਰੋਹ ਨੇ ਗਿੱਲ ਰੋਡ ਤੇ ਪੈਂਦੇ ਇੱਕ ਸੁਨਿਆਰੇ ਦੀ ਦੁਕਾਨ ਤੇ ਡਾਕਾ ਮਾਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪਿਸਤੌਲਾਂ ਦੀ ਨੋਕ ਤੇ ਮੁਲਜਮ ਸੁਨਿਆਰੇ ਜਗਦੀਸ਼ ਕੁਮਾਰ ਨੂੰ ਡਰਾ ਧਮਕਾ ਕੇ ਉਸ ਕੋਲੋਂ ਤਿੰਨ ਤੋਂ ਚਾਰ ਕਿਲੋ ਚਾਂਦੀ ਅਤੇ ਕੁਝ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ ਸਨ। ਵਾਰਦਾਤ ਦੇ ਪੰਜ ਦਿਨਾਂ ਬਾਅਦ ਲੁਧਿਆਣਾ ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਤਿਗੁਰੂ ਨਗਰ ਦੇ ਰਹਿਣ ਵਾਲੇ ਅਨੀਕੇਤ, ਗੁਰੂ ਨਾਨਕ ਨਗਰ ਡਾਬਾ ਦੇ ਵਾਸੀ ਰਾਹੁਲ ਕੁਮਾਰ, ਪਿੱਪਲ ਚੌਂਕ ਦੇ ਵਾਸੀ ਨਵਦੀਪ ਦੂਬੇ ਉਰਫ ਗੋਲੂ, ਜੀਟੀਬੀ ਇਨਕਲੇਵ ਵੈਸਟ ਦਿੱਲੀ ਦੇ ਵਾਸੀ ਅੰਕਿਤ ਕੁਮਾਰ ਅਤੇ ਕਰਨ ਵਜੋਂ ਹੋਈ ਹੈ।
ਡੀਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਕਿਲੋ 120 ਗ੍ਰਾਮ ਚਾਂਦੀ, ਗਹਿਣਿਆਂ ਦੇ ਤਿੰਨ ਖਾਲੀ ਡੱਬੇ, ਦੋ ਦੇਸੀ ਪਿਸਤੌਲਾਂ, ਇੱਕ ਏਅਰਗੰਨ, 315 ਦੇ ਪੰਜ ਜਿੰਦਾ ਕਾਰਤੂਸ, ਵਾਰਦਾਤ ਵਿੱਚ ਵਰਤੀ ਗਈ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤ ਹੈ । ਮੁਢਲੀ ਪੜਤਾਲ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਅੰਕਿਤ ਦੇ ਖਿਲਾਫ਼ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਚਾਰ ਅਪਰਾਧਿਕ ਮਾਮਲੇ ਦਰਜ ਹਨ। ਇਸੇ ਤਰ੍ਹਾਂ ਮੁਲਜਮ ਕਰਨ ਦੇ ਖਿਲਾਫ ਗਾਜ਼ੀਆਬਾਦ ਅਤੇ ਨੋਇਡਾ ਵਿੱਚ ਦੋ ਮੁਕੱਦਮੇ ਦਰਜ ਹਨ ਜਦਕਿ ਮੁਲਜਮ ਅਨਿਕੇਤ ਦੇ ਖਿਲਾਫ਼ ਲੁਧਿਆਣਾ ਦੇ ਥਾਣਾ ਦੁੱਗਰੀ ਵਿੱਚ ਇੱਕ ਕੇਸ ਰਜਿਸਟਰਡ ਹੈ।
ਇੰਝ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ
15 ਜਨਵਰੀ ਨੂੰ ਸ਼ਾਮ 6:30 ਵਜੇ ਦੇ ਕਰੀਬ ਸੁਨਿਆਰਾ ਜਗਦੀਸ਼ ਕੁਮਾਰ ਗਿੱਲ ਰੋਡ ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਕੋਲ ਪੈਂਦੀ ਜਿਊਲਰ ਦੀ ਦੁਕਾਨ ’ਤੇ ਮੌਜੂਦ ਸੀ। ਇਸੇ ਦੌਰਾਨ ਹਥਿਆਰਾਂ ਨਾਲ ਲੈਸ ਹੋ ਕੇ ਕਾਰ ਸਵਾਰ ਗਿਰੋਹ ਉਸ ਦੀ ਦੁਕਾਨ ਦੇ ਬਾਹਰ ਆਇਆ ਅਤੇ ਅੰਦਰ ਦਾਖਲ ਹੁੰਦੇ ਸਾਰ ਹੀ ਹਥਿਆਰ ਕੱਢ ਲਏ। ਬਦਮਾਸ਼ਾਂ ਨੇ ਜਗਦੀਸ਼ ਕੁਮਾਰ ਨੂੰ ਡਰਾ ਧਮਕਾ ਕੇ ਉਸ ਦੀ ਦੁਕਾਨ ’ਚੋਂ ਕੀਮਤੀ ਗਹਿਣੇ ਲੁੱਟ ਲਏ। ਵਾਰਦਾਤ ਦੀਆਂ ਤਸਵੀਰਾਂ ਦੁਕਾਨ ਦੇ ਅੰਦਰ ਬਾਹਰ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਜਿਸ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮਾਮਲੇ ਦੀ ਡੁੰਗਾਈ ਨਾਲ ਪੜਤਾਲ ਸ਼ੁਰੂ ਕੀਤੀ। ਤਫਤੀਸ਼ ਤੋਂ ਬਾਅਦ ਪੁਲਿਸ ਨੇ ਪੰਜ ਦਿਨਾਂ ਦੇ ਅੰਦਰ ਪੂਰੇ ਗਿਰੋਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ, ਉਮੀਦ ਹੈ ਕਿ ਦੌਰਾਨੇ ਤਫਤੀਸ਼ ਕਈ ਖੁਲਾਸੇ ਹੋਣਗੇ।
Comments