23/01/2024
ਜਲੰਧਰ-ਲੁਧਿਆਣਾ ਹਾਈਵੇ 'ਤੇ ਦੇਰ ਰਾਤ ਗੁਰਾਇਆ ਨੇੜੇ ਹੋਏ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਤੇ ਰਾਜਵਿੰਦਰ ਵਜੋਂ ਹੋਈ ਹੈ। ਬਾਈਕ ਸਵਾਰ ਦੋ ਨੌਜਵਾਨ ਗੁਰਾਇਆ ਦੀ ਅੱਟਾ ਨਹਿਰ ਨੇੜੇ ਜਾ ਰਹੇ ਸਨ। ਦੇਰ ਰਾਤ ਇਕ ਤੇਜ਼ ਰਫ਼ਤਾਰ ਮਰਸਡੀਜ਼ ਕਾਰ ਨੇ ਪਿੱਛਿਓਂ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਕਾਰ ਸਵਾਰ ਨੌਜਵਾਨ ਫ਼ਰਾਰ ਹੋ ਗਏ। ਇਸ ਕਾਰਨ ਬਾਈਕ ਦੀ ਟੈਂਕੀ 'ਚੋਂ ਤੇਲ ਨਿਕਲਣ ਤੋਂ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ। ਦੋਵੇਂ ਨੌਜਵਾਨ ਜ਼ਿੰਦਾ ਸੜ ਗਏ। ਲੋਕਾਂ ਨੇ ਇਸ ਹਾਦਸੇ ਦੀ ਸ਼ਿਕਾਇਤ ਸਬੰਧਿਤ ਥਾਣੇ ਦੀ ਪੁਲਿਸ ਨੂੰ ਕੀਤੀ ਅਤੇ ਮੌਕੇ 'ਤੇ ਪਹੁੰਚੇ ਗੁਰਾਇਆ ਥਾਣੇ ਦੇ ਜਾਂਚ ਅਧਿਕਾਰੀ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ।
ਮੌਕੇ 'ਤੇ ਮੌਜੂਦ ਫਿਲੌਰ ਦੇ ਪਿੰਡ ਅਸੂਰ ਵਾਸੀ ਵਿੱਕੀ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਕਾਰ ਦੇ ਪਿੱਛੇ ਸੀ। ਵਿੱਕੀ ਨੇ ਦੋਸ਼ ਲਾਇਆ ਕਿ ਕਾਰ ਚਾਲਕ ਨਸ਼ੇ ਦੀ ਹਾਲਤ 'ਚ ਜਾਪਦਾ ਸੀ ਤੇ ਉਸ ਦੀ ਕਾਰ 'ਚ ਸ਼ਰਾਬ ਦੀ ਬੋਤਲ ਵੀ ਪਈ ਸੀ। ਉਸ ਨੇ ਦੱਸਿਆ ਕਿ ਮਰਸਡੀਜ਼ ਕਾਰ ਕਾਫੀ ਤੇਜ਼ ਰਫਤਾਰ 'ਤੇ ਜਾ ਰਹੀ ਸੀ, ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ 'ਚ ਸਵਾਰ ਦੋ ਨੌਜਵਾਨਾਂ ਨੂੰ ਕਾਫੀ ਦੂਰ ਤਕ ਘਸੀਟ ਕੇ ਲੈ ਗਏ ਅਤੇ ਹਾਦਸੇ ਦੌਰਾਨ ਇਕ ਨੌਜਵਾਨ ਦੀ ਲੱਤ ਵੀ ਕੱਟੀ ਗਈ।
ਕਾਰ ਚਾਲਕ ਘਟਨਾ ਤੋਂ ਬਾਅਦ ਕਾਰ ਛੱਡ ਕੇ ਭੱਜੇ
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਰਸਡੀਜ਼ ਕਾਰ ਪੀ.ਬੀ.25 ਬੀ.0088 'ਚ ਸਵਾਰ ਨੌਜਵਾਨ ਹਾਦਸੇ ਤੋਂ ਬਾਅਦ ਦੋਵੇਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਉਥੋਂ ਭੱਜ ਗਏ। ਮੌਕੇ 'ਤੇ ਪਹੁੰਚੀ ਪੀਸੀਆਰ ਟੀਮ ਨੇ ਬਾਈਕ ਨੂੰ ਕਬਜ਼ੇ 'ਚ ਲੈ ਕੇ ਕਾਰ ਸਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Comments