2 Nov,2023
ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਮਣੇ ਪਤੀ ਦੀ ਮੌਤ ਹੋ ਗਈ। ਖੁਸ਼ੀਆਂ ਦਾ ਮਾਹੌਲ ਗਮੀ ਚ ਤਬਦੀਲ ਹੋ ਗਿਆ। ਇੱਕ ਸੁਹਾਗਣ ਨੇ ਆਪਣਾ ਸੁਹਾਗ ਗੁਆ ਲਿਆ। ਜਦੋਂ ਚੰਦ ਨੂੰ ਦੇਖ ਕੇ ਪਤੀ ਕੋਲੋਂ ਪਾਣੀ ਪੀ ਕੇ ਵਰਤ ਖੋਲ੍ਹਣਾ ਸੀ ਤਾਂ ਉਸ ਸਮੇਂ ਪਤੀ ਦੀ ਮੌਤ ਹੋ ਗਈ। ਜਦੋਂ ਪਤੀ ਛੱਤ ਉਪਰ ਚੰਦ ਦੇਖ ਰਿਹਾ ਸੀ ਤਾਂ ਪੈਰ ਫਿਸਲਣ ਨਾਲ ਥੱਲੇ ਡਿੱਗ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ।
ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਵਿਖੇ ਇਹ ਘਟਨਾ ਵਾਪਰੀ। 42 ਸਾਲਾਂ ਦਾ ਲਖਵਿੰਦਰ ਰਾਮ ਜੋਕਿ ਮੂਲ ਰੂਪ ਤੋਂ ਬਿਹਾਰ ਦਾ ਵਸਨੀਕ ਸੀ ਅਤੇ ਖੰਨਾ ਵਿਖੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ਅੰਦਰ ਰਹਿੰਦਾ ਸੀ। ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਚੰਦ ਨਿਕਲਣ ਦਾ ਸਮਾਂ ਸੀ। ਇਸੇ ਦੌਰਾਨ ਸਮੂਹ ਪਰਿਵਾਰ ਮਕਾਨ ਦੀ ਛੱਤ ਉਪਰ ਉਡੀਕ ਕਰ ਰਿਹਾ ਸੀ।
ਲਖਵਿੰਦਰ ਰਾਮ ਵੀ ਆਸਮਾਨ ਵੱਲ ਨਜ਼ਰਾਂ ਟਿਕਾ ਕੇ ਚੰਦ ਦੇ ਨਿਕਲਣ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਚੰਦ ਨਿਕਲੇ ਅਤੇ ਉਹ ਆਪਣੀ ਪਤਨੀ ਦਾ ਵਰਤ ਖੁੱਲ੍ਹਵਾਏ। ਗੱਲਾਂ ਕਰਦੇ ਕਰਦੇ ਲਖਵਿੰਦਰ ਰਾਮ ਛੱਤ ਤੋਂ ਥੱਲੇ ਆ ਡਿੱਗਿਆ। ਬਿਨ੍ਹਾਂ ਕਿਸੇ ਦੇਰੀ ਤੋਂ ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨਿਆ। ਮ੍ਰਿਤਕ ਦੀ ਬੇਟੀ ਨੇ ਦੱਸਿਆ ਕਿ ਉਸਦੇ ਪਿਤਾ ਲੱਕੜੀ ਦੀ ਪੌੜੀ ਰਾਹੀਂ ਛੱਤ ਤੇ ਜਾ ਕੇ ਚੰਦ ਦੇਖ ਰਹੇ ਸੀ ਤਾਂ ਅਚਾਨਕ ਆਖਰੀ ਡੰਡੇ ਤੋਂ ਪੈਰ ਸਲਿੱਪ ਹੋ ਗਿਆ ਅਤੇ ਉਸਦੇ ਪਿਤਾ ਥੱਲੇ ਆ ਡਿੱਗੇ। ਜਿਸ ਨਾਲ ਮੌਤ ਹੋ ਗਈ। ਪਰਿਵਾਰ 'ਚ ਕਮਾਉਣ ਵਾਲੇ ਉਹ ਇਕੱਲੇ ਹੀ ਸੀ।
Kommentare