24 APRIL,2022
ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਸ਼ਨੀਵਾਰ ਤੜਕੇ ਇੱਕ 40 ਸਾਲਾ ਵਿਅਕਤੀ ਦੀ ਨਵੀਂ ਇਲੈਕਟ੍ਰਿਕ ਬਾਈਕ ਵਿੱਚ ਧਮਾਕਾ ਹੋ ਗਿਆ, ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਵਿਅਕਤੀ ਦੀ ਪਤਨੀ ਝੁਲਸ ਗਈ ਹੈ ਅਤੇ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਜੋੜੇ ਦੇ ਦੋਵੇਂ ਬੱਚਿਆਂ ਦਾ ਦਮ ਘੁੱਟ ਗਿਆ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਸੇ ਤਰ੍ਹਾਂ ਦੀ ਘਟਨਾ ਤਿੰਨ ਦਿਨ ਪਹਿਲਾਂ ਗੁਆਂਢੀ ਤੇਲੰਗਾਨਾ ਸੂਬੇ ਦੇ ਨਿਜ਼ਾਮਾਬਾਦ ਵਿੱਚ ਵਾਪਰੀ ਸੀ, ਜਿਸ ਵਿੱਚ ਇੱਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪਿਛਲੇ ਦਿਨੀਂ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।ਮ੍ਰਿਤਕ ਕੇ. ਸ਼ਿਵਕੁਮਾਰ ਇੱਕ ਡੀਟੀਪੀ ਵਰਕਰ ਸੀ ਅਤੇ ਉਸ ਨੇ ਸ਼ੁੱਕਰਵਾਰ ਨੂੰ ਇੱਕ ਇਲੈਕਟ੍ਰਿਕ ਬਾਈਕ ਖਰੀਦੀ ਸੀ।
ਪੁਲਿਸ ਇੰਸਪੈਕਟਰ ਵੀ. ਜਾਨਕੀ ਰਮਈਆ ਨੇ ਦੱਸਿਆ ਕਿ ਸ਼ਿਵਕੁਮਾਰ ਨੇ ਸ਼ੁੱਕਰਵਾਰ ਰਾਤ ਨੂੰ ਚਾਰਜਿੰਗ ਲਈ ਸਕੂਟੀ ਦੀ ਬੈਟਰੀ ਬੈੱਡਰੂਮ 'ਚ ਰੱਖੀ ਸੀ ਅਤੇ ਜਦੋਂ ਸਾਰੇ ਸੌਂ ਰਹੇ ਸਨ ਤਾਂ ਅਚਾਨਕ ਉਸ 'ਚ ਧਮਾਕਾ ਹੋ ਗਿਆ। ਧਮਾਕੇ ਕਾਰਨ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਏ.ਸੀ ਅਤੇ ਕੁਝ ਹੋਰ ਸਾਮਾਨ ਸੜ ਗਿਆ।
ਹਸਪਤਾਲ ਲਿਜਾਂਦੇ ਸਮੇਂ ਸ਼ਿਵਕੁਮਾਰ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇੰਸਪੈਕਟਰ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Comentários