26/01/2024
ਅੱਚਲ ਸਾਹਿਬ ਵਿਖੇ ਇਕ ਗੁਰਦੁਆਰੇ ’ਚ ਚਾਰ ਬੱਚਿਆਂ ਦੀ ਮਾਂ ਨੇ ਆਪਣੇ ਪੇ੍ਰਮੀ ਦਾ ਵਿਆਹ ਰੁਕਵਾ ਦਿੱਤਾ। ਇਸ ਮਾਮਲੇ ਦੀ ਇਲਾਕੇ ’ਚ ਖ਼ੂਬ ਚਰਚਾ ਹੋ ਰਹੀ ਹੈ। ਉਧਰ ਉਕਤ ਮਾਮਲੇ ਨੂੰ ਲੈ ਕੇ ਲੜਕੀ ਦਾ ਪਰਿਵਾਰ ਥਾਣਾ ਰੰਗੜ ਨੰਗਲ ਦੀ ਪੁਲਿਸ ਕੋਲ ਪੁੱਜ ਗਿਆ ਅਤੇ ਪੁਲਿਸ ਨੇ ਲੜਕੀ ਤੇ ਲੜਕੇ ਦੇ ਵਿਆਹ ਦੇ ਮਾਮਲੇ ਨੂੰ ਸੁਲਝਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਅੱਚਲ ਸਾਹਿਬ ਦੇ ਨਜ਼ਦੀਕੀ ਪਿੰਡ ਦੀ ਇਕ ਲੜਕੀ ਦਾ ਵਿਆਹ ਬਟਾਲਾ ਦੇ ਨਜ਼ਦੀਕੀ ਪਿੰਡ ਦੇ ਨੌਜਵਾਨ ਨਾਲ ਹੋਣ ਜਾ ਰਿਹਾ ਸੀ। ਜਦ ਆਨੰਦ ਕਾਰਜ ਸ਼ੁਰੂ ਹੋਣ ਲੱਗਾ ਤਾਂ ਵਿਆਹ ਵਾਲੇ ਲੜਕੇ ਦੀ ਚਾਰ ਬੱਚਿਆਂ ਦੀ ਮਾਂ ਪੇ੍ਰਮਿਕਾ ਨੇ ਆ ਕੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਅਨੰਦ ਕਾਰਜ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਉਕਤ ਲੜਕਾ ਉਸ ਨਾਲ ਕੁਝ ਸਮੇਂ ਤੋਂ ਰਿਲੇਸ਼ਨ ’ਚ ਰਹਿ ਰਿਹਾ ਹੈ ਅਤੇ ਉਸ ਨੇ ਉਸ ਨੂੰ ਵਿਆਹ ਕਰਵਾਉਣ ਦਾ ਲਾਰਾ ਲਾਇਆ ਹੋਇਆ ਹੈ। ਪੇ੍ਰਮਿਕਾ ਵੱਲੋਂ ਜਦ ਗ੍ਰੰਥੀ ਸਿੰਘ ਨੂੰ ਸਾਰੇ ਸਬੰਧਾਂ ਬਾਰੇ ਜਾਣਕਾਰੀ ਦੇ ਦਿੱਤੀ ਤਾਂ ਗ੍ਰੰਥੀ ਸਿੰਘ ਨੇ ਆਨੰਦ ਕਾਰਜ ਕਰਨ ਤੋਂ ਨਾਂਹ ਕਰ ਦਿੱਤੀ ਜਿਸ ਤੋਂ ਬਾਅਦ ਲੜਕੀ ਅਤੇ ਲੜਕੇ ਦੇ ਪਰਿਵਾਰ ’ਚ ਕਾਫ਼ੀ ਖਿੱਚੋਤਾਣ ਸ਼ੁਰੂ ਹੋ ਗਈ।
ਉਧਰ ਇਸ ਮਾਮਲੇ ਨੂੰ ਲੈ ਕੇ ਲੜਕੀ ਦੇ ਪਰਿਵਾਰ ਨੂੰ ਭਾਰੀ ਸਦਮਾ ਲੱਗਾ ਅਤੇ ਉਨ੍ਹਾਂ ਨੇ ਇਸ ਸਬੰਧੀ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਇਨਸਾਫ਼ ਲਈ ਅਪੀਲ ਕੀਤੀ। ਇੱਥੇ ਦਲਚਸਪ ਪਹਿਲੂ ਇਹ ਵੀ ਰਿਹਾ ਕਿ ਜਦ ਲੜਕਾ ਅਤੇ ਲੜਕੀ ਦਾ ਪਰਿਵਾਰ ਆਪਸ ’ਚ ਬਹਿਸ ਰਹੇ ਸਨ ਤਾਂ ਲੜਕੇ ਦੀ ਵਿਆਹੁਤਾ ਪੇ੍ਰਮਿਕਾ ਉਥੋਂ ਰਫੂਚੱਕਰ ਹੋ ਗਈ।
ਜਾਣਕਾਰੀ ਅਨੁਸਾਰ ਪੁਲਿਸ ਨੇ ਲੜਕੇ ਤੇ ਲੜਕੀ ਦੇ ਪਰਿਵਾਰ ਨੂੰ ਬਿਠਾ ਕੇ ਮਸਲਾ ਸੁਲਝਾ ਦਿੱਤਾ ਹੈ। ਲੜਕੀ ਦੇ ਪਰਿਵਾਰ ਨੇ ਉਕਤ ਲੜਕੇ ਨਾਲ ਆਪਣੀ ਲੜਕੀ ਦਾ ਵਿਆਹ ਕਰਨ ਤੋਂ ਸਾਫ ਮਨ੍ਹਾਂ ਕਰ ਦਿੱਤਾ। ਇਸ ਘਟਨਾਕ੍ਰਮ ਦੀ ਇਲਾਕੇ ’ਚ ਪੂਰੀ ਚਰਚਾ ਹੋ ਰਹੀ ਹੈ।
Comments