26/12/2023
ਉੱਤਰ ਪ੍ਰਦੇਸ਼ ਦੇ ਅਮੇਠੀ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ ਕੀਤੀ ਤੇ ਲਾਸ਼ ਉੱਤਰ ਪ੍ਰਦੇਸ਼ ਲੈ ਗਿਆl ਨੌਜਵਾਨ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਮੌਤ ਦੀ ਝੂਠੀ ਕਹਾਣੀ ਦੱਸੀ। ਸ਼ੱਕ ਪੈਣ 'ਤੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆl ਪੋਸਟਮਾਰਟਮ ਦੀ ਰਿਪੋਰਟ ਵਿੱਚ ਜੋ ਖੁਲਾਸੇ ਹੋਏ ਉਹ ਹੈਰਾਨ ਕਰ ਦੇਣ ਵਾਲੇ ਸਨ l ਰਿਪੋਰਟ ਵਿੱਚ ਆਇਆ ਕਿ ਵਿਆਹੁਤਾ ਦੀ ਗਲਾ ਦਬਾ ਕੇ ਹੱਤਿਆ ਕੀਤੀ ਗਈ ਸੀ। ਇਸ ਮਾਮਲੇ ਵਿੱਚ ਅਮੇਠੀ ਦੇ ਪੀਪਰਪੁਰ ਥਾਣੇ ਦੀ ਪੁਲਿਸ ਨੇ ਮੁਲਜਮ ਦੇਸ ਰਾਜ ਖਿਲਾਫ਼ ਦਾਜ ਲਈ ਹੱਤਿਆ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ l ਅਪਰਾਧ ਦਾ ਵਕੂਆ ਲੁਧਿਆਣਾ ਹੋਣ ਕਰਕੇ ਉਥੋਂ ਦੀ ਪੁਲਿਸ ਨੇ ਅਗਲੇਰੀ ਤਫਤੀਸ਼ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਿਕ ਅਮੇਠੀ ਦਾ ਰਹਿਣ ਵਾਲਾ ਦੇਸਰਾਜ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਦੇ ਨਿਊ ਸਤਿਗੁਰੂ ਨਗਰ ਵਿੱਚ ਰਹਿ ਰਿਹਾ ਸੀl
ਦੇਸ ਰਾਜ ਦਾ ਆਪਣੀ ਪਤਨੀ ਅਨੀਤਾ (23) ਨਾਲ ਮਾਮੂਲੀ ਗੱਲਾਂ ਨੂੰ ਲੈ ਕੇ ਵਿਵਾਦ ਚੱਲਦਾ ਰਹਿੰਦਾ ਸੀ। ਪੰਜ ਅਕਤੂਬਰ 2022 ਦੀ ਰਾਤ ਨੂੰ ਦੇਸ ਰਾਜ ਨੇ ਗਲ਼ਾ ਦਬਾ ਕੇ ਆਪਣੀ ਪਤਨੀ ਦੀ ਹੱਤਿਆ ਕੀਤੀ ਤੇ ਲਾਸ਼ ਉੱਤਰ ਪ੍ਰਦੇਸ਼ ਲੈ ਗਿਆ l ਪੋਸਟਮਾਰਟਮ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੁੰਦੇ ਹੀ ਪੀਪਰਪੁਰ ਥਾਣੇ ਨੇ ਮੁਲਜ਼ਮ ਦੇਸ ਰਾਜ ਖਿਲਾਫ ਦਾਜ ਲਈ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਅਤੇ ਪੜਤਾਲ ਲੁਧਿਆਣਾ ਦੇ ਥਾਣਾ ਸਾਨੇਵਾਲ ਦੀ ਪੁਲਿਸ ਨੂੰ ਭੇਜ ਦਿੱਤੀl ਇਸ ਮਾਮਲੇ ਵਿੱਚ ਏਐਸਆਈ ਰਾਮ ਮੂਰਤੀ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਅਗਲੇਰੀ ਪੜਤਾਲ ਕਰ ਰਹੀ ਹੈ। ਇਸ ਕੇਸ ਵਿੱਚ ਬਹੁਤ ਸਾਰੇ ਪਹਿਲੂਆਂ ਦੀ ਜਾਂਚ ਕਰਨੀ ਬਾਕੀ ਹੈ। ਪੁਲਿਸ ਇਸ ਮਾਮਲੇ ਵਿੱਚ ਜਲਦੀ ਹੀ ਦੇਸ ਰਾਜ ਨੂੰ ਗ੍ਰਿਫਤਾਰ ਕਰ ਲਵੇਗੀ।
Comments