04/01/2024
ਬੀਤੀ ਦੇਰ ਸ਼ਾਮ ਨੇੜਲੇ ਪਿੰਡ ਔਲਖ ਦੇ ਪੈਟਰੋਲ ਪੰਪ ’ਤੇ ਪੈਟਰੋਲ ਪਵਾਉਣ ਦੌਰਾਨ ਹੋਈ ਬਹਿਸਬਾਜੀ ਅਤੇ ਲੜਾਈ ਤੋਂ ਬਾਅਦ ਚੱਲੀ ਗੋਲੀ ਦੇ ਮਾਮਲੇ ਵਿੱਚ ਪੈਟਰੋਲ ਪੰਪ ਦੇ ਮਾਲਕ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਅਮਰਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਘਣੀਏ ਵਾਲਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਆਪਣੇ ਦੋਸਤ ਜੋਬਨ ਸਿੰਘ ਅਤੇ ਕਰਨਦੀਪ ਸਿੰਘ ਵਾਸੀ ਪਿੰਡ ਘਣੀਏ ਵਾਲਾ ਨਾਲ ਮੋਟਰ ਸਾਈਕਲ ’ਤੇ ਫਰੀਦ ਕਿਸਾਨ ਸੇਵਾ ਕੇਂਦਰ ਪਿੰਡ ਔਲਖ ਪੈਟਰੋਲ ਪੰਪ ਤੋਂ ਤੇਲ ਲੈਣ ਲਈ ਗਏ ਸੀ ਅਤੇ ਜਦ ਉਨ੍ਹਾਂ ਪੈਟਰੋਲ ਪੰਪ ਦੇ ਮਾਲਕ ਬਲਜਿੰਦਰ ਸਿੰਘ ਨੂੰ ਦੋ-ਦੋ ਲੀਟਰ ਵਾਲੀਆਂ ਦੋ ਬੋਤਲਾਂ ਵਿੱਚ ਤੇਲ ਪਾਉਣ ਨੂੰ ਕਿਹਾ ਤਾਂ ਉਸਨੇ ਪ੍ਰਤੀ ਲੀਟਰ 110 ਰੁਪਏ ਮੰਗੇ, ਜਿਸਨੂੰ ਲੈ ਕੇ ਝਗੜਾ ਹੋ ਗਿਆ ਅਤੇ ਬਲਜਿੰਦਰ ਸਿੰਘ ਨੇ ਗੁੱਸੇ ਵਿੱਚ ਆ ਕੇ ਉਸਨੂੰ ਧੱਕੇ ਮਾਰੇ ਅਤੇ ਉਸਦੇ ਤਿੰਨ-ਚਾਰ ਹੋਰ ਸਾਥੀਆਂ ਸਮੇਤ ਉਸ ਨਾਲ ਕੁੱਟ-ਮਾਰ ਕੀਤੀ। ਇਸ ਤੋਂ ਬਾਅਦ ਪੰਪ ਮਾਲਕ ਨੇ ਪਿਸਤੌਲ ਨਾਲ ਉਸ ਵੱਲ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਫਾਇਰ ਉਸਦੀ ਸੱਜੀ ਲੱਤ ਵਿੱਚ ਲੱਗਿਆ। ਇਸ ਤੋਂ ਬਾਅਦ ਫੋਨ ’ਤੇ ਜਾਣਕਾਰੀ ਦੇਣ ’ਤੇ ਸਾਡੇ ਵਾਰਸਾਂ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਭਰਤੀ ਕਰਵਾਇਆ। ਇਸ ਸਬੰਧ ਵਿੱਚ ਅਮਰਿੰਦਰ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਕੋਟਕਪੂਰਾ ਵਿਖੇ ਪੰਪ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਚਮਕੌਰ ਸਿੰਘ ਐਸਐਚਓ ਥਾਣਾ ਸਦਰ ਕੋਟਕਪੂਰਾ ਨੇ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਪੰਪ ਮਾਲਕ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਕਲ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਵੀ ਲਿਆ ਜਾਵੇਗਾ, ਜਿਸ ਦੌਰਾਨ ਹੋਰ ਵੀ ਪੁੱਛ-ਗਿੱਛ ਕੀਤੀ ਜਾਵੇਗੀ।
Comments