29/12/2023
ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਇਤਿਹਾਸਕ ਅਤੇ ਪਵਿੱਤਰ ਅਸਥਾਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਸਭਾ ਵੀਰਵਾਰ ਨੂੰ ਇਤਿਹਾਸਕ ਤੇ ਸ਼ਹੀਦੀ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜਣ ’ਤੇ ਅਰਦਾਸ ਉਪਰੰਤ ਰਸਮੀ ਤੌਰ ’ਤੇ ਸੰਪੰਨ ਹੋਈ।
ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਇਤਿਹਾਸਕ ਕਥਾ ਤੇ ਅਰਦਾਸ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪਹਿਲਾਂ ਸੰਗਤੀ ਰੂਪ ਵਿਚ ਸ੍ਰੀ ਜਪੁਜੀ ਸਾਹਿਬ ਦਾ ਪਾਠ ਤੇ ਛੇ ਪਾਉੜੀਆ ਸ੍ਰੀ ਆਨੰਦ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਉਪਰੰਤ ਹੁਕਮਨਾਮਾ ਲਿਆ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਅਰੰਭ ਹੋਇਆ।
ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ, ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਵੱਲੋਂ ਬਾਬਾ ਨਾਗਰ ਸਿੰਘ, ਬਾਬਾ ਮੋਹਨ ਸਿੰਘ ਬਾਰਨ ਵਾਲਿਆਂ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਅਤੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਜੀਵਨ ਇਤਿਹਾਸ ਸਬੰਧੀ ਵਿਚਾਰ ਕੀਤੀ। ਇਸ ਦੌਰਾਨ ਸੰਗਤੀ ਰੂਪ ਵਿਚ ਜਪੁਜੀ ਸਾਹਿਬ ਦੇ ਪਾਠ ਮਗਰੋਂ ਗਿਆਨੀ ਹਰਪਾਲ ਸਿੰਘ ਨੇ ਅਰਦਾਸ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਰਵਣ ਕਰਵਾਇਆ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮ ਨੂੰ ਕੀਤੇ ਆਦੇਸ਼ ਅਨੁਸਾਰ ਨਗਰ ਕੀਰਤਨ ਦੌਰਾਨ 10:00 ਵਜੇ ਸੰਗਤਾਂ ਨੇ ਸਮੂਹਕ ਰੂਪ ਵਿਚ ਮੂਲ ਮੰਤਰ ਦੇ ਜਾਪ ਕਰ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਤਿਕਾਰ ਭੇਟ ਕੀਤਾ।
ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਜਿਸ ਦੀ ਸਮਾਪਤੀ ਸਮੇਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਜਾਏ ਗਏ ਗੁਰਮਤਿ ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸੋਹਿਲਾ ਸਾਹਿਬ ਦਾ ਪਾਠ ਕੀਤਾ ਅਤੇ ਸਮਾਪਤੀ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕੀਤੀ।
ਨਗਰ ਕੀਰਤਨ ਦੌਰਾਨ ਭਾਈ ਗੁਰਚਰਨ ਸਿੰਘ ਗਰੇਵਾਲ, ਅਵਤਾਰ ਸਿੰਘ ਰਿਆ, ਸਤਵਿੰਦਰ ਸਿੰਘ ਟੌਹੜਾ, ਰਵਿੰਦਰ ਸਿੰਘ ਖਾਲਸਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਸਾਬਕਾ ਮੁੱਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਗਿਆਨੀ ਪ੍ਰਣਾਮ ਸਿੰਘ, ਸੀਨੀਅਰ ਅਕਾਲੀ ਆਗੂ ਦਰਬਾਰਾ ਸਿੰਘ ਗੁਰੂ, ਜਗਦੀਪ ਸਿੰਘ ਚੀਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਲਜੀਤ ਸਿੰਘ ਭੁੱਟਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਵਿਧਾਇਕ ਲਖਬੀਰ ਸਿੰਘ ਰਾਏ, ਰੁਪਿੰਦਰ ਸਿੰਘ ਹੈਪੀ, ਮੈਂਬਰ ਪਾਰਲੀਮੈਂਟ ਅਮਰ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਤਰਨਾ ਦਲ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਗੁਰਦੀਪ ਸਿੰਘ ਕੰਗ ਆਦਿ ਮੌਜੂਦ ਸਨ।
Comments