google-site-verification=ILda1dC6H-W6AIvmbNGGfu4HX55pqigU6f5bwsHOTeM
top of page

ਗੁਰੂ ਘਰ ਅੱਗੋਂ ਸਰਕਾਰੀ ਮਸ਼ਹੂਰੀ ਦੀਆਂ ਸਕ੍ਰੀਨਾਂ ਹਟਾਈਆਂ ਜਾਣ, ਐਡਵੋਕੇਟ ਧਾਮੀ ਨੇ ਕਿਹਾ- ਇੱਥੇ ਸਿਰਫ਼ ਗੁਰਬਾਣੀ ਦਾ ਉਜਾਲਾ ਹੋਣਾ ਚਾਹੀਦੈ

04/02/2024

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਨੂੰ ਆਉਂਦੇ ਵਿਰਾਸਤੀ ਮਾਰਗ ’ਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant mann) ਵੱਲੋਂ ਆਪਣੀ ਮਸ਼ਹੂਰੀ ਲਈ ਹੋਰ ਸਕ੍ਰੀਨਾਂ ਲਗਾ ਕੇ ਇੱਥੋਂ ਦੇ ਅਧਿਆਤਮਿਕ ਵਾਤਾਵਰਣ ਨੂੰ ਖੰਡਤ ਕਰਨ ਦੇ ਯਤਨਾਂ ਦੀ ਸ਼ਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।


ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਆਪਣੀਆਂ ਮਸ਼ਹੂਰੀਆਂ ਦੀ ਹੋਰ ਭਰਮਾਰ ਕਰਵਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਉੱਤੇ ਹੋਰ ਸਕ੍ਰੀਨਾਂ ਲਾਈਆਂ ਗਈਆਂ ਹਨ, ਜੋ ਅਧਿਆਤਮਿਕ ਵਾਤਾਵਰਣ ਨੂੰ ਖੰਡਤ ਕਰਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਚੌਗਿਰਦਾ ਧਾਰਮਿਕ ਮਾਹੌਲ ਵਾਲਾ ਹੁੰਦਾ ਹੈ, ਜਿੱਥੇ ਸੰਗਤ ਕੇਵਲ ਗੁਰੂ ਸਾਹਿਬ ਦੇ ਉਪਦੇਸ਼ ਸਰਵਣ ਕਰਨ ਲਈ ਆਉਂਦੀ ਹੈ। ਇੱਥੇ ਕੇਵਲ ਗੁਰਬਾਣੀ ਦਾ ਉਜਾਲਾ ਹੋਣਾ ਚਾਹੀਦਾ ਹੈ ਨਾ ਕਿ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦਾ ਹਨੇਰਾ। ਉਨ੍ਹਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਵੱਲੋਂ ਗੁਰੂ ਘਰਾਂ ਦੇ ਆਲੇ-ਦੁਆਲੇ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਲਾਈ ਗਈ ਸਕ੍ਰੀਨ ਸਬੰਧੀ ਇਤਰਾਜ਼ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਮਰਯਾਦਾ ਅਤੇ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਸਰਕਾਰ ਦੀਆਂ ਮਸ਼ਹੂਰੀਆਂ ਲਈ ਲਾਈਆਂ ਇਨ੍ਹਾਂ ਸਕ੍ਰੀਨਾਂ ਨੂੰ ਤੁਰੰਤ ਹਟਾਇਆ ਜਾਵੇ।

Comments


Logo-LudhianaPlusColorChange_edited.png
bottom of page