10/02/2024
ਖੇਤਾਂ ਵਿਚ ਲਹਿਰਾਉਂਦੀ ਕਣਕ ਦੀ ਫਸਲ ’ਤੇ ਪੀਲੀ ਕੁੰਗੀ ਨੇ ਹਮਲਾ ਕਰ ਦਿੱਤਾ ਹੈ। ਨੀਮ ਪਹਾੜੀ ਖ਼ੇਤਰ ਵਿਚ ਪੀਲੀ ਕੁੰਗੀ ਦੇ ਹੋਏ ਹਮਲੇ ਨੇ ਜਿੱਥੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ, ਉਥੇ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਚੌਕਸੀ ਵਰਤਣ ਦਾ ਸੁਝਾਅ ਦਿੱਤਾ ਹੈ। ਪਤਾ ਲੱਗਿਆ ਹੈ ਕਿ ਨੀਮ ਪਹਾੜੀ ਖ਼ੇਤਰ ਸ੍ਰੀ ਆਨੰਦਪੁਰ ਸਾਹਿਬ, ਨੂਰਪੁਰਬੇਦੀ, ਬਲਾਚੌਰ ਖਿੱਤੇ ਵਿਚ ਇਸ ਬੀਮਾਰੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਪੀਲੀ ਕੁੰਗੀ ਦਾ ਹਮਲਾ ਪਿਛਲੇ ਦਿਨ ਹੋਈ ਭਾਰੀ ਵਰਖਾ, ਗੜ੍ਹੇਮਾਰੀ ਹੋਣ ਕਰਕੇ ਹੋਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਵਿਗਿਆਨੀਆਂ ਨੇ ਬੀਮਾਰੀ ਦਾ ਪਤਾ ਲੱਗਣ ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਕੁੱਝ ਪਿੰਡਾਂ ਦਾ ਦੌਰਾ ਕੀਤਾ। ਟੀਮ ਨੇ ਪਿੰਡ ਨਿੱਕੂ ਨੰਗਲ ਅਤੇ ਪਿੰਡ ਦੁਕਲੀ ਵਿਖੇ ਕਣਕ ਦੇ ਖੇਤਾਂ ਵਿਚ ਪੀਲੀ ਕੁੰਗੀ ਦਾ ਹਮਲਾ ਦੇਖਿਆ। ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਿਪਟੀ ਡਾਇਰੈਕਟਰ (ਟੇ੍ਰਨਿੰਗ) ਡਾ. ਸਤਬੀਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਵਿਚ ਪੀਲੀ ਕੁੰਗੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ। ਮੌਜੂਦਾ ਮੌਸਮ ਅਤੇ ਪੀਲੀ ਕੁੰਗੀ ਦੀ ਆਮਦ ਨੂੰ ਦੇਖਦੇ ਹੋਏ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਹਰ ਰੋਜ਼ ਆਪਣੇ ਕਣਕ ਦੇ ਖੇਤਾਂ ਦੀ ਨਿਗਰਾਨੀ ਕਰਨ ਅਤੇ ਸਮੇਂ ਸਿਰ ਇਸ ਦੀ ਰੋਕਥਾਮ ਕਰਨ।
ਉਧਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੌਦਾ ਰੋਗ ਮਾਹਿਰ ਡਾ. ਜਸਪਾਲ ਕੌਰ ਨੇ ਦੱਸਿਆ ਕਿ ਪੀਲੀ ਕੁੰਗੀ ਦੀ ਬਿਮਾਰੀ ਕਣਕ ਦੇ ਪੱਤਿਆਂ ‘ਤੇ ਪੀਲੇ ਰੰਗ ਦੀਆਂ ਧਾਰੀਆਂ ਦੇ ਰੂਪ ਵਿਚ ਨਜ਼ਰ ਆਉਂਦੀ ਹੈ ਅਤੇ ਇਸ ਨੂੰ ਹੱਥ ਲਾਉਣ ਤੇ ਹੱਥ ਉਪਰ ਉੱਲੀ ਦਾ ਪੀਲਾ ਧੂੜਾ ਲਗ ਜਾਂਦਾ ਹੈ। ਕਿਸਾਨਾਂ ਨੂੰ ਕਣਕ ਦੀ ਫ਼ਸਲ ਉੱਤੇ ਪੀਲੀ ਕੁੰਗੀ ਦੇ ਲੱਛਣ ਦਿਖਾਈ ਦੇਣ ਤੇ ਇਸ ਦੇ ਪ੍ਰਬੰਧਨ ਲਈ ਸਮੇਂ ਸਿਰ ਰੋਕਥਾਮ ਕਰਨ ਨਾਲ ਇਸ ਦੇ ਹੋਰ ਫੈਲਣ ਅਤੇ ਆਰਥਿਕ ਨੁਕਸਾਨ ਦੀ ਸੰਭਾਵਨਾ ਘੱਟ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਰਵੇਖਣ ਅਨੁਸਾਰ ਦੋ ਪਿੰਡਾਂ ਦੇ ਚਾਰ ਖੇਤਾਂ ਵਿਚ ਐਚਡੀ 2967, ਐਚਡੀ 3086 ਅਤੇ ਡੀਬੀਡਬਲਯੂ 222 ਵਾਲੀਆਂ ਕਣਕ ਦੀਆਂ ਕਿਸਮਾਂ ਵਿਚ ਧਾਰੀਦਾਰ ਕੁੰਗੀ ਦੀਆਂ ਘਟਨਾਵਾਂ ਦੇਖੇ ਗਏ ਹਨ। ਖੇਤੀ ਮਾਹਿਰਾਂ ਨੇ ਨੀਮ ਪਹਾੜੀ ਖੇਤਰਾਂ ਦੇ ਕਿਸਾਨਾਂ ਨੂੰ ਜਿਨ੍ਹਾਂ ਨੇ ਗੈਰ-ਸਿਫ਼ਾਰਸ਼ੀ ਕਿਸਮਾਂ ਬੀਜੀਆਂ ਹੋਈਆਂ ਹਨ, ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਉੱਲੀਨਾਸ਼ਕ ਦਵਾਈਆਂ ਦਾ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪੰਦਰਾਂ ਦਿਨਾਂ ਬਾਅਦ ਛਿੜਕਾਅ ਕਰਨ ਦੀ ਸਲਾਹ ਦਿੱਤੀ ਹੈ।
Commenti