17/01/2024
ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਮਨਮੀਤ ਸਿੰਘ ਉਰਫ ਮਾਖਣੀ ਨੂੰ ਵਿਭਾਗ ਨੇ ਚਾਰਜਸ਼ੀਟ ਕਰ ਦਿੱਤਾ ਹੈ। ਦੋਸ਼ ਹੈ ਕਿ ਵਿਭਾਗ ਨੇ ਉਸ ਤੋਂ ਕਈ ਵਾਰ ਕਣਕ ਘੁਟਾਲੇ ਸਬੰਧੀ ਰਿਕਾਰਡ ਮੰਗਿਆ ਸੀ ਪਰ ਉਸ ਨੇ ਰਿਕਾਰਡ ਨਹੀਂ ਭੇਜਿਆ। ਹੁਣ ਖੁਰਾਕ ਤੇ ਸਪਲਾਈ ਵਿਭਾਗ ਦੇ ਵਧੀਕ ਡਾਇਰੈਕਟਰ ਨੇ ਜ਼ਿਲ੍ਹਾ ਖੁਰਾਕ ਸਪਲਾਈ ਵਿਭਾਗ ਨੂੰ ਚਾਰਜਸ਼ੀਟ ਨਾਲ ਸਬੰਧਤ ਸਾਰਾ ਰਿਕਾਰਡ 18 ਜਨਵਰੀ ਤੱਕ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇੰਸਪੈਕਟਰ ਮਾਖਣੀ ਇਸ ਸਮੇਂ ਤਰਨਤਾਰਨ ’ਚ ਡਿਊਟੀ ’ਤੇ ਹੈ।
ਜ਼ਿਕਰਯੋਗ ਹੈ ਕਿ ਗਰੀਬ ਲੋਕਾਂ ਨੂੰ ਨੀਲੇ ਕਾਰਡ ’ਤੇ ਦਿੱਤੀ ਜਾ ਰਹੀ ਸੱਤ ਸੌ ਕੁਇੰਟਲ ਕਣਕ ਦੇ ਮਾਮਲੇ ’ਚ ਵਿਭਾਗ ਨੇ ਇੰਸਪੈਕਟਰ ਮਾਖਣੀ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਵਿਭਾਗ ਨੇ ਇਸ ਸਬੰਧੀ ਆਪਣੇ ਪੱਧਰ ’ਤੇ ਜਾਂਚ ਸ਼ੁਰੂ ਕੀਤੀ ਤਾਂ ਮਾਖਣੀ ਦੇ ਰਿਕਾਰਡ ਵਿਚ ਕਈ ਖਾਮੀਆਂ ਸਾਹਮਣੇ ਆਉਣ ਲੱਗੀਆਂ। ਪਿਛਲੇ ਸਾਲ ਸਤੰਬਰ ਵਿਚ ਵਿਭਾਗ ਦੀ ਵਿਜੀਲੈਂਸ ਕਮੇਟੀ ਨੇ ਇੰਸਪੈਕਟਰ ਮਨਮੀਤ ਸਿੰਘ ਮਾਖਣੀ ਨੂੰ ਸਾਰੇ ਰਿਕਾਰਡ ਸਮੇਤ ਚੰਡੀਗੜ੍ਹ ਹੈੱਡਕੁਆਰਟਰ ਪਹੁੰਚਣ ਦੇ ਹੁਕਮ ਦਿੱਤੇ ਪਰ ਉਹ ਨਹੀਂ ਪਹੁੰਚਿਆ। ਇਸ ਤੋਂ ਬਾਅਦ ਵਿਭਾਗ ਨੇ ਡੀਐੱਫਐੱਸਸੀ ਨੂੰ ਸਾਰਾ ਰਿਕਾਰਡ ਜਾਂਚ ਲਈ ਚੰਡੀਗੜ੍ਹ ਭੇਜਣ ਦੇ ਹੁਕਮ ਵੀ ਦਿੱਤੇ ਪਰ ਵਿਭਾਗ ਵੱਲੋਂ ਦਸਤਾਵੇਜ਼ ਭੇਜਣ ਵਿਚ ਵੀ ਕਾਫ਼ੀ ਦੇਰੀ ਹੋਈ। ਗ਼ਰੀਬਾਂ ਨੂੰ ਦਿੱਤੀ ਗਈ ਸੱਤ ਸੌ ਕੁਇੰਟਲ ਕਣਕ ਦੇ ਘੁਟਾਲੇ ਵਿਚ ਵੀ ਅਧਿਕਾਰੀ ਲਾਪਰਵਾਹ ਸਨ। ਇਸ ਦੇ ਬਾਵਜੂਦ ਸਮਾਜ ਸੇਵਕ ਪ੍ਰਸ਼ਾਂਤ ਕਿਸ਼ੋਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇਸ ਘੁਟਾਲੇ ਦੀ ਜਾਣਕਾਰੀ ਦੇ ਰਹੇ ਸਨ।
ਦੂਜੇ ਪਾਸੇ ਇੰਸਪੈਕਟਰ ਮਾਖਣੀ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਹੁਕਮਾਂ ਦੀ ਜਾਣਕਾਰੀ ਨਹੀਂ ਹੈ। ਜੇ ਵਿਭਾਗ ਨੇ ਅਜਿਹਾ ਕੋਈ ਹੁਕਮ ਜਾਰੀ ਕੀਤਾ ਹੈ ਤਾਂ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਵਾਬ ਦੇਣਗੇ ਕਿਉਂਕਿ ਇਹ ਵਿਭਾਗ ਤੇ ਉਨ੍ਹਾਂ ਦਾ ਮਾਮਲਾ ਹੈ।
ਸ਼ਿਕਾਇਤ ’ਤੇ ਹੋਈ ਸੀ ਤਰਨਤਾਰਨ ਬਦਲੀ
ਇੰਸਪੈਕਟਰ ਮਨਮੀਤ ਸਿੰਘ ਨੂੰ ਪਹਿਲਾਂ ਅੰਮ੍ਰਿਤਸਰ ਦੇ 15 ਏ ਵਾਰਡ ਵਿਚ ਕਣਕ ਵੰਡਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜ਼ਿਲ੍ਹੇ ਦੇ ਸਾਰੇ ਡਿਪੂਆਂ ’ਤੇ ਸਰਕਾਰੀ ਕਣਕ ਵੰਡਣ ਅਤੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਇਸ ਦੌਰਾਨ ਦੋਸ਼ ਲਾਇਆ ਗਿਆ ਕਿ ਇੰਸਪੈਕਟਰ ਮਾਖਣੀ ਨੇ ਪਿਛਲੇ ਕੁਝ ਸਾਲਾਂ ਦੌਰਾਨ ਸੱਤ ਸੌ ਕੁਇੰਟਲ ਸਰਕਾਰੀ ਕਣਕ ਬੋਗਸ ਡਿਪੂਆਂ ਵਿਚ ਤਬਦੀਲ ਕਰ ਕੇ ਧੋਖਾਧੜੀ ਕੀਤੀ।
ਨੀਲੇ ਕਾਰਡਾਂ ’ਚ ਮੈਂਬਰਾਂ ਦੀ ਗਿਣਤੀ ’ਚ ਵੀ ਹੇਰਾਫੇਰੀ
ਮਾਮਲੇ ਦੀ ਪੈਰਵੀ ਕਰ ਰਹੇ ਪ੍ਰਸ਼ਾਂਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਕੁਝ ਅਜਿਹੇ ਕਾਰਡ ਮਿਲੇ ਹਨ ਜਿਨ੍ਹਾਂ ਵਿਚ ਅਸਲ ਮੈਂਬਰਾਂ ਦੀ ਗਿਣਤੀ ਚਾਰ ਹੈ ਅਤੇ ਹੋਰ ਮੈਂਬਰ ਪਾ ਕੇ ਗਿਣਤੀ ਵਧਾ ਦਿੱਤੀ ਗਈ ਹੈ। ਇਸ ਕਾਰਨ ਸਰਕਾਰੀ ਕਣਕ ਨੂੰ ਕਿਸੇ ਹੋਰ ਥਾਂ ’ਤੇ ਡੰਪ ਕਰ ਕੇ ਘਪਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਵੀ ਭੇਜਿਆ ਗਿਆ ਹੈ।
Comments