google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ, ਬਿਨਾਂ ਟੋਲ ਫੀਸ ਦੇ ਲੰਘਦੇ ਰਹੇ ਵਾਹਨ

15/02/2024

ਕਿਸਾਨਾਂ ਨੇ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਅਤੇ ਵਾਹਨ ਬਿਨਾਂ ਟੋਲ ਫੀਸ ਦੇ ਲੰਘ ਰਹੇ ਹਨ। ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਨੇ ਦੱਸਿਆ ਕਿ ਹਰਮੀਤ ਸਿੰਘ ਕਾਦੀਆਂ ਦੀ ਅਗਵਾਈ ਹੇਠ ਅੱਜ ਟੋਲ ਪਲਾਜ਼ਾ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ 'ਤੇ ਦਬਾਅ ਬਣਾਉਣ ਲਈ ਬੁੱਧਵਾਰ ਨੂੰ ਹੀ ਟੋਲ ਪਲਾਜ਼ਾ ਬੰਦ ਕਰਨ ਦਾ ਫੈਸਲਾ ਕੀਤਾ ਸੀ। ਸਵੇਰੇ 11 ਵਜੇ ਦੇ ਕਰੀਬ ਕਿਸਾਨ ਜਥੇਬੰਦੀ ਦੇ ਲੋਕ ਪੁੱਜੇ ਅਤੇ ਟੋਲ ਕਾਊਂਟਰ ’ਤੇ ਬੈਠੇ ਮੁਲਾਜ਼ਮਾਂ ਨੂੰ ਕਾਊਂਟਰ ਬੰਦ ਕਰਨ ਲਈ ਕਿਹਾ। ਨਾਲ ਹੀ ਸਾਰੇ ਬੂਮ ਵੀ ਹਟਾ ਦਿੱਤੇ ਗਏ, ਤਾਂ ਜੋ ਵਾਹਨ ਬਿਨਾਂ ਕਿਸੇ ਰੁਕਾਵਟ ਦੇ ਲੰਘ ਸਕਣ।


ਮੌਕੇ ’ਤੇ ਮੌਜੂਦ ਲੋਕਾਂ ਨੇ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਜੇ ਅੱਜ ਦੀ ਮੀਟਿੰਗ ਵਿਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਾਡੇ ਵੱਲੋਂ ਹੋਰ ਵੀ ਸੰਘਰਸ਼ ਤਿੱਖਾ ਕੀਤਾ ਜਾਵੇਗਾ।


ਜ਼ਿਕਰਯੋਗ ਹੈ ਕਿ ਸ਼ੰਭੂ ਬਾਰਡਰ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਵੱਡਾ ਟੋਲ ਹੈ ਅਤੇ ਇੱਥੇ ਰੋਜ਼ਾਨਾ 50-60 ਲੱਖ ਰੁਪਏ ਦੀ ਵਸੂਲੀ ਹੁੰਦੀ ਹੈ।



ਦੂਜੇ ਪਾਸੇ ਦੁਪਹਿਰ 12 ਵਜੇ ਤੋਂ ਰੇਲ ਗੱਡੀਆਂ ਰੋਕਣ ਦੀ ਧਮਕੀ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਲੁਧਿਆਣਾ-ਦਿੱਲੀ ਸੜਕ ਬੰਦ ਹੋਣ ਕਾਰਨ ਜ਼ਿਆਦਾਤਰ ਯਾਤਰੀ ਰੇਲਵੇ ਸਟੇਸ਼ਨ ਦਾ ਰੁਖ ਕਰ ਰਹੇ ਹਨ। ਜੇਕਰ ਰੇਲਵੇ ਟਰੈਕ ਵੀ ਜਾਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

Opmerkingen


Logo-LudhianaPlusColorChange_edited.png
bottom of page