24/12/2023
ਬਟਾਲਾ ਨੇੜੇ ਪਿੰਡ ਸੁਚਾਨੀਆ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ 25 ਸਾਲਾ ਪੁੱਤਰ ਡਾ. ਅਮੋਲਦੀਪ ਸਿੰਘ ਦੀ ਬੀਤੀ ਰਾਤ ਬਠਿੰਡੇ ’ਚ ਕਾਰ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ। ਡਾ. ਅਮੋਲਦੀਪ ਸਿੰਘ ਦੀ ਮੌਤ ਨਾਲ ਪਿੰਡ ਸੁਚਾਨੀਆ ’ਚ ਸੋਗ ਦੀ ਲਹਿਰ ਪਸਰ ਗਈ। ਜ਼ਕਿਰਯੋਗ ਹੈ ਕਿ ਬਠਿੰਡਾ ’ਚ ਵਾਪਰੇ ਇਸ ਹਾਦਸੇ ਦੌਰਾਨ ਕਾਰ ਸਵਾਰ ਚਾਰ ਨੌਜਵਾਨਾਂ ’ਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮ੍ਰਿਤਕ ਅਮੋਲਦੀਪ ਸਿੰਘ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਤੇ ਅਗਲੇ ਹਫ਼ਤੇ ਵਾਪਸ ਪਿੰਡ ਆ ਜਾਣਾ ਸੀ ਕਿ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਡਾ. ਅਮੋਲਦੀਪ ਸਿੰਘ ਏਡੀਜੀਪੀ ਲਾਅ ਐਂਡ ਆਰਡਰ ਪੰਜਾਬ ਗੁਰਿੰਦਰ ਸਿੰਘ ਢਿੱਲੋਂ ਸਿੰਘ ਦਾ ਭਾਣਜਾ ਸੀ।
ਮ੍ਰਿਤਕ ਅਮੋਲਦੀਪ ਸਿੰਘ ਦੇ ਪਿਤਾ ਬਲਜੀਤ ਸਿੰਘ, ਮਾਤਾ ਪਰਮਜੀਤ ਕੌਰ, ਭੈਣ ਡਾ. ਨਵਜੋਤ ਕੌਰ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਦਾ ਦਰਦ ਦੇਖਿਆ ਨਹੀਂ ਸੀ ਜਾ ਰਿਹਾ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਮਾਮਾ ਏਡੀਜੀਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ਅਮੋਲਦੀਪ ਸਿੰਘ ਬੁਹਤ ਹੀ ਮਿਲਣਸਾਰ ਅਤੇ ਹੋਣਹਾਰ ਬੱਚਾ ਸੀ। ਉਨ੍ਹਾਂ ਦੱਸਿਆ ਕਿ 8 ਸਾਲ ਦੀ ਡਾਕਟਰੀ ਦੀ ਪੜ੍ਹਾਈ ਤੋਂ ਬਾਅਦ ਕੁਝ ਹੀ ਦਿਨ ਬਾਅਦ ’ਚ ਉਸਨੇ ਲੋਕ ਸੇਵਾ ਲਈ ਡਾਕਟਰੀ ਲਾਈਨ ਵਿਚ ਉਤਰਨਾ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗਾ ਭਾਣਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ 4 ਦੋਸਤ ਇਕ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ ਕਿ ਬਠਿੰਡੇ ਮਾਲ ਰੋਡ ਸੜਕ ’ਚ ਬਣੇ ਡਿਵਾਈਡਰ ਨਾਲ ਟਕਰਾ ਗਈ ਤੇ ਇਸ ਹਾਦਸੇ ਵਿਚ ਅਮੋਲਦੀਪ ਸਿੰਘ ਸਮੇਤ ਇਕ ਦੂਜੇ ਦੋਸਤ ਦੀ ਮੌਤ ਹੋ ਗਈ ਅਤੇ ਦੋ ਦੋਸਤ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਇਹ ਦੁੱਖ ਕਦੇ ਨਾ ਭੁੱਲਣ ਵਾਲਾ ਹੈ ਅਤੇ ਉਹਨਾਂ ਬਠਿੰਡਾ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਮਾਲ ਰੋਡ ’ਤੇ ਡਿਵਾਈਡਰ ਨੂੰ ਤਕਨੀਕੀ ਪੱਖ ਤੋਂ ਮੁਰੰਮਤ ਕਰਵਾਇਆ ਜਾਵੇ ਤਾਂ ਜੋ ਅਗਾਂਹ ਤੋਂ ਅਜਿਹਾ ਦੁਖਦਾਈ ਹਾਦਸਾ ਨਾ ਵਾਪਰ ਸਕੇ। ਇੱਥੇ ਇਹ ਵੀ ਜ਼ਕਿਰਯੋਗ ਹੈ ਕਿ ਡਾ. ਅਮੋਲਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਡਾਕਟਰ ਅਮੋਲਦੀਪ ਸਿੰਘ ਦਾ ਨਮ ਅੱਖਾਂ ਨਾਲ ਦੇਰ ਸ਼ਾਮ ਪਿੰਡ ਸੁਚਾਨੀਆਂ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Comments