google-site-verification=ILda1dC6H-W6AIvmbNGGfu4HX55pqigU6f5bwsHOTeM
top of page

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਦਿੱਤਾ ਭਰੋਸਾ, ਕਿਹਾ- ਵਕਫ ਐਕਟ ’ਚ ਨਹੀਂ ਕੀਤੀ ਜਾਵੇਗੀ ਕੋਈ ਤਬਦੀਲੀ

25/12/2023

ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਵਿਖੇ ਬੀਤੀ ਰਾਤ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿੱਥੇ ਉਹਨਾਂ ਨੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ’ਤੇ ਮੁਸਲਿਮ ਮਹਾਸਭਾ ਦੇ ਪ੍ਰਧਾਨ ਬਹਾਦੁਰ ਖਾਨ ਅਤੇ ਉਹਨਾਂ ਦੇ ਸਾਥੀਆਂ ਨੇ ਹਜ ਯਾਤਰਾ ਅਤੇ ਵਕਫ ਐਕਟ ਨੂੰ ਲੈ ਕੇ ਇੱਕ ਮੰਗ ਪੱਤਰ ਵੀ ਦਿੱਤਾ।

ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਮੁਸਲਮਾਨ ਅਤੇ ਹੋਰ ਲੋਕ ਘੱਟਗਿਣਤੀ ਕਮਿਸ਼ਨ ਦੇ ਕੋਲ ਸਮੇਂ-ਸਮੇਂ ’ਤੇ ਆਪਣੀਆਂ ਸੱਮਸਿਆਵਾਂ ਭੇਜਦੇ ਰਹਿੰਦੇ ਹਨ। ਮੌਜੂਦਾ ਸਮੇਂ ’ਚ ਸਭ ਤੋਂ ਵੱਡੀ ਸੱਮਸਿਆ ਕੁੱਝ ਨੈਸ਼ਨਲ ਇਲੈਕਟ੍ਰੋਨਿਕ ਮੀਡੀਆ ਵੱਲੋਂ ਬਿਨ੍ਹਾਂ ਕਾਰਨ ਖਬਰਾਂ ’ਚ ਇਸਲਾਮ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਘੱਟਗਿਣਤੀ ਕਮਿਸ਼ਨ ਅਜਿਹੇ ਚੈਨਲਾਂ ’ਤੇ ਕਾਰਵਾਈ ਕਰੇ। ਬੀਤੇ ਦਿਨੀ ਕੇਂਦਰੀ ਮੰਤਰੀ ਸਮਿ੍ਰਤੀ ਈਰਾਨੀ ਵੱਲੋਂ ਵਕਫ ਬੋਰਡ ’ਤੇ ਦਿੱਤਾ ਗਿਆ ਬਿਆਨ ਅਤੇ ਫਿਰ ਕੁੱਝ ਦਿਨ ਪਹਿਲਾਂ ਹੀ ਰਾਜ ਸਭਾ ’ਚ ਵਕਫ ਐਕਟ 1995 ਦੇ ਖਿਲਾਫ ਲਿਆਂਦਾ ਗਿਆ ਇੱਕ ਨਿੱਜੀ ਬਿੱਲ ਭਾਰਤ ਦੇ ਕਰੋੜਾਂ ਮੁਸਲਮਾਨਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਅਸੀਂ ਚਾਹੁੰਦੇ ਹਾਂ ਕਿ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਦੇਸ਼ ਭਰ ਦੇ ਘੱਟਗਿਣਤੀਆਂ ਦੇ ਜਜਬਾਤਾਂ ਤੋਂ ਕੇਂਦਰ ਸਰਕਾਰ ਨੂੰ ਜਾਣੂ ਕਰਵਾਉਂਣ। ਸ਼ਾਹੀ ਇਮਾਮ ਨੇ ਕਿਹਾ ਕਿ ਲਾਲਪੁਰਾ ਇੱਕ ਵਿਦਵਾਨ ਅਤੇ ਸੂਝਵਾਨ ਵਿਅਕਤੀ ਹਨ, ਸਾਨੂੰ ਉਮੀਦ ਹੈ ਕਿ ਉਹ ਇਹਨਾਂ ਗੱਲਾਂ ’ਤੇ ਕੇਂਦਰ ਸਰਕਾਰ ਦਾ ਧਿਆਨ ਕੇਂਦਰਿਤ ਕਰਵਾਉਂਣਗੇ।


ਇਸ ਮੌਕੇ ’ਤੇ ਸੰਬੋਧਨ ਕਰਦੇ ਹੋਏ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਅੱਜ ਇਸ ਇਤਿਹਾਸਿਕ ਜਾਮਾ ਮਸਜਿਦ ’ਚ ਆ ਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਇਹ ਸੁਤੰਤਰਤਾ ਸੰਗ੍ਰਾਮ ਦੀ ਗਵਾਹ ਹੈ, ਜਿੱਥੋਂ ਮਹਾਨ ਆਜ਼ਾਦੀ ਘੁਲਾਟੀਏ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਦੇ ਨਾਲ ਸਾਰੇ ਧਰਮਾਂ ਦੇ ਲੋਕਾਂ ਨੇ ਮਿਲ ਕੇ ਅੰਗੇ੍ਰਜ਼ਾਂ ਖ਼ਿਲਾਫ਼ ਲੜਾਈ ਲੜੀ ਸੀ। ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਪੰਜਾਬ ਭਰ ’ਚ ਸਰਵ ਧਰਮ ਏਕਤਾ ਲਈ ਜੋ ਕੰਮ ਕਰ ਰਹੇ ਹਨ ਉਹ ਸ਼ਲਾਘਾਯੋਗ ਹੈ। ਸਿਰਫ ਮੁਸਲਮਾਨਾਂ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਅੱਜ ਦੇ ਇਸ ਪ੍ਰੋਗਰਾਮ ’ਚ ਜੋ ਵੀ ਮੰਗਾਂ ਉਹਨਾਂ ਦੇ ਅੱਗੇ ਰੱਖੀਆਂ ਗਈਆਂ ਹਨ ਉਹ ਉਹਨਾਂ ਨੂੰ ਸਰਕਾਰ ਤੱਕ ਪਹੁੰਚਾਉਣਗੇ ਅਤੇ ਉਹ ਵਾਅਦਾ ਕਰਦੇ ਹਨ ਕਿ ਵਕਫ ਐਕਟ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ ਕਿਉਂਕਿ ਵਕਫ ਦੀਆਂ ਜਾਇਦਾਦਾਂ ਗਰੀਬਾਂ ਅਤੇ ਜਰੂਰਤਮੰਦਾਂ ਲਈ ਪੜਾਈ ਅਤੇ ਖਰਚੇ ਦਾ ਪ੍ਰਬੰਧ ਕਰਦੀਆਂ ਹਨ।

Comments


Logo-LudhianaPlusColorChange_edited.png
bottom of page