24/03/2024
ਕੇਂਦਰ ਸਰਕਾਰ ਨੇ ਘਰੇਲੂ ਬਾਜ਼ਾਰ ’ਚ ਉਪਲੱਬਧਤਾ ਬਣਾਈ ਰੱਖਣ ਤੇ ਕੀਮਤਾਂ ’ਤੇ ਕੰਟਰੋਲ ਲਈ ਪਿਆਜ਼ ਦੀ ਬਰਾਮਦ ’ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ 31 ਮਾਰਚ 2024 ਤੱਕ ਬਰਾਮਦ ’ਤੇ ਪਾਬੰਦੀ ਲਗਾਈ ਗਈ ਸੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐੱਫਟੀ) ਵੱਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ, ਪਿਆਜ਼ ਦੀ ਬਰਾਮਦ ’ਤੇ ਲੱਗੀ ਪਾਬੰਦੀ ਨੂੰ ਅਗਲੇ ਆਦੇਸ਼ ਤੱਕ ਵਧਾਇਆ ਗਿਆ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਅੱਠ ਦਸੰਬਰ ਨੂੰ ਪਿਆਜ਼ ਦੀ ਬਰਾਮਦ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਦੋਸਤ ਦੇਸ਼ਾਂ ਲਈ ਪਹਿਲਾਂ ਮਨਜ਼ੂਰੀ ਦੇ ਆਧਾਰ ’ਤੇ ਪਿਆਜ਼ ਦੀ ਬਰਾਮਦ ਜਾਰੀ ਹੈ। ਹਾੜ੍ਹੀ ਸੀਜ਼ਨ 2023 ’ਚ ਦੇਸ਼ ’ਚ 2.27 ਕਰੋੜ ਟਨ ਪਿਆਜ਼ ਦੀ ਪੈਦਾਵਾਰ ਦਾ ਅਨੁਮਾਨ ਲਾਇਆ ਗਿਆ ਸੀ। ਵਧਦੀਆਂ ਕੀਮਤਾਂ ਤੋਂ ਖ਼ਪਤਕਾਰਾਂ ਨੂੰ ਰਾਹਤ ਦਿਵਾਉਣ ਲਈ ਸਰਕਾਰ ਨੇ ਅਕਤੂਬਰ 2023 ’ਚ ਬਫਰ ਸਟਾਕ ਤੋਂ ਸਬਸਿਡੀ ’ਤੇ ਪਿਆਜ਼ ਵੇਚਣ ਦਾ ਫ਼ੈਸਲਾ ਕੀਤਾ ਸੀ। ਸਰਕਾਰੀ ਏਜੰਸੀਆਂ ਦੇ ਜ਼ਰੀਏ ਪਰਚੂਨ ਬਾਜ਼ਾਰਾਂ ’ਚ ਇਸ ਪਿਆਜ਼ ਦੀ ਵਿਕਰੀ 25 ਰੁਪਏ ਪ੍ਰਤੀ ਕਿੱਲੋ ’ਤੇ ਕੀਤੀ ਗਈ ਸੀ।
Comments