04/02/2024
ਪੰਜਾਬ ’ਚ ਪੱਛਮੀ ਗੜਬੜੀ ਦੇ ਸਰਗਰਮ ਹੋਣ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਸ਼ਨਿਚਰਵਾਰ ਰਾਤ ਤੋਂ ਮੁੜ ਬਾਰਿਸ਼ ਸ਼ੁਰੂ ਹੋ ਗਈ ਜਿਹੜੀ ਐਤਵਾਰ ਨੂੰ ਵੀ ਜਾਰੀ ਹੈ। ਤਕਰੀਬਨ ਪੂਰੇ ਪੰਜਾਬ 'ਚ ਜ਼ੋਰਦਾਰ ਬਾਰਿਸ਼ ਹੋ ਰਹੀ ਹੈ। ਸ਼ਨਿਚਰਵਾਰ ਨੂੰ ਲੁਧਿਆਣਾ, ਚੰਡੀਗੜ੍ਹ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੋਪੜ ਸਮੇਤ ਹੋਰਨਾਂ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਸਵੇਰੇ ਪੰਜ ਤੋਂ ਸੱਤ ਵਜੇ ਦਰਮਿਆਨ ਹਲਕੀ ਤੋਂ ਮੱਧਮ ਬਾਰਿਸ਼ ਹੋਈ। ਹਾਲਾਂਕਿ ਇਸ ਤੋਂ ਬਾਅਦ ਮੌਸਮ ਸਾਫ਼ ਹੋ ਗਿਆ। ਸਵੇਰੇ 10 ਵਜੇ ਤੋਂ ਬਾਅਦ ਜ਼ਿਆਦਾਤਰ ਜ਼ਿਲ੍ਹਿਆਂ ’ਚ ਧੁੱਪ ਨਿਕਲ ਆਈ ਤੇ ਪੂਰਾ ਦਿਨ ਰਹੀ। ਬੱਦਲ ਛਾਏ ਰਹਿਣ ਨਾਲ ਰਾਤ ਦੇ ਤਾਪਮਾਨ ’ਚ 5-7 ਡਿਗਰੀ ਸੈਲਸੀਅਸ ਤਕ ਵਾਧਾ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਨੇ ਸੂਬੇ ’ਚ ਪੰਜ ਫਰਵਰੀ ਤਕ ਲਈ ਬਾਰਿਸ਼ ਤੇ ਗੜੇਮਾਰੀ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਐਤਵਾਰ ਨੂੰ ਜ਼ਿਆਦਾਤਰ ਜ਼ਿਲ੍ਹਿਆਂ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਬਾਰਿਸ਼ ਨਾਲ ਗੜੇਮਾਰੀ ਦੀ ਵੀ ਸੰਭਾਵਨਾ ਹੈ। ਪੰਜ ਫਰਵਰੀ ਨੂੰ ਸੰਘਣੀ ਧੁੰਦ ਪੈ ਸਕਦੀ ਹੈ। ਉੱਥੇ ਹੀ ਪਹਾੜਾਂ 'ਚ ਵੀ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਹੈ ਜਿਸ ਨਾਲ ਮੈਦਾਨੀ ਇਲਾਕਿਆਂ 'ਚ ਠੰਢ ਵਧਣ ਦੀ ਸੰਭਾਵਨਾ ਹੈ।
ਪੀਏਯੂ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕਿੰਗਰਾ ਮੁਤਾਬਕ ਹਾਲੇ ਤਕ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਹੋ ਰਹੀ ਹੈ। ਇਹ ਬਾਰਿਸ਼ ਕਣਕ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨਾਲ ਖੇਤ ’ਚ ਨਮੀ ਵਧੇਗੀ। ਤੇਜ਼ ਹਵਾ ਤੇ ਗੜੇਮਾਰੀ ਨਾਲ ਸਰ੍ਹੋਂ ਸਮੇਤ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ।
ਬਾਰਿਸ਼ ਨਾਲ ਸੁਧਰਿਆ ਏਕਿਯੂਆਈ
ਪਟਿਆਲਾ : ਸੂਬੇ ’ਚ ਵੀਰਵਾਰ ਨੂੰ ਹੋਈ ਬਾਰਿਸ਼ ਨੇ ਧੁੰਦ ਦੇ ਨਾਲ-ਨਾਲ ਪ੍ਰਦੂਸ਼ਣ ਤੋਂ ਵੀ ਰਾਹਤ ਦਿਵਾਈ। ਜ਼ਿਆਦਾਤਰ ਸ਼ਹਿਰਾਂ ਦਾ ਏਕਿਯੂਆਈ ਖ਼ਰਾਬ ਤੋਂ ਸੰਤੋਸ਼ਜਨਕ ਵਰਗ ’ਚ ਸ਼ਾਮਲ ਹੋ ਗਿਆ। ਸ਼ਨਿਚਰਵਾਰ ਨੂੰ ਏਕਿਯੂਆਈ 43 ਦੇ ਨਾਲ ਖੰਨਾ ਦੀ ਹਵਾ ਸੂਬੇ ’ਚ ਸਭ ਤੋਂ ਬਿਹਤਰ ਰਹੀ। ਉਥੇ 55 ਏਕਿਯੂਆਈ ਨਾਲ ਪਟਿਆਲਾ ਦੂਜੇ, 63 ਏਕਿਯੂਆਈ ਨਾਲ ਲੁਧਿਆਣਾ ਤੀਜੇ, 88 ਨਾਲ ਅੰਮ੍ਰਿਤਸਰ ਚੌਥੇ ਤੇ 90 ਨਾਲ ਬਠਿੰਡਾ ਪੰਜਵੇਂ ਸਥਾਨ ’ਤੇ ਰਿਹਾ। 188 ਏਕਿਯੂਆਈ ਨਾਲ ਰੋਪੜ ਦੀ ਹਵਾ ਸਭ ਤੋਂ ਪ੍ਰਦੂਸ਼ਿਤ ਰਹੀ।
Commentaires