26/01/2024
ਆਈਐੱਨਡੀਆਈਏ (INDIA) ਦੇ ਸਹਿਯੋਗੀ ਦਲ ਕਾਂਗਰਸ (Congress) ਅਤੇ ਆਮ ਆਦਮੀ ਪਾਰਟੀ (AAP) ’ਚ ਗੱਠਜੋੜ ਨੂੰ ਲੈ ਕੇ ਭੰਬਲਭੂਸਾ ਖ਼ਤਮ ਹੋਣ ਲੱਗਾ ਹੈ। ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਕਾਂਗਰਸ ਨਾਲ ਗੱਠਜੋੜ ਨਾ ਕਰਨ ਦੇ ਐਲਾਨ ਨਾਲ ਪੰਜਾਬ ਕਾਂਗਰਸ ਉਤਸ਼ਾਹਿਤ ਹੈ। ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਹਾਲੇ ਤੱਕ ਪੰਜਾਬ ਕਾਂਗਰਸ ਦੇ ਨੇਤਾ ਹੀ ਇਸ ਗੱਠਜੋੜ ਦੇ ਖ਼ਿਲਾਫ਼ ਸਨ, ਹੁਣ ਭਗਵੰਤ ਮਾਨ ਦਾ ਵੀ ਬਿਆਨ ਆ ਗਿਆ ਹੈ। ਇਸ ਨਾਲ ਕਾਂਗਰਸ ਨੂੰ ਘੱਟ ਤੇ ਲੰਬੀ ਮਿਆਦ ’ਚ ਫਾਇਦਾ ਹੋਵੇਗਾ ਕਿਉਂਕਿ ਕਾਂਗਰਸ ਨੂੰ ਸਰਕਾਰ ਦੀ ਐਂਟੀ ਇਨਕੰਬੈਂਸੀ ਦਾ ਬੋਝ ਨਹੀਂ ਉਠਾਉਣਾ ਪਵੇਗਾ। ਕਾਂਗਰਸ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਕਾਂਗਰਸ ਦੇ ਨੇਤਾ ਭਾਵੇਂ ਹੀ ‘ਆਪ’ ਨਾਲ ਗੱਠਜੋੜ ਦਾ ਵਿਰੋਧ ਕਰ ਰਹੇ ਸਨ ਪਰ ਪਾਰਟੀ ਹਾਈ ਕਮਾਨ ਲਗਾਤਾਰ ਅਜਿਹੇ ਸੰਕੇਤ ਦੇ ਰਹੀ ਸੀ ਕਿ ਉਹ ਗੱਠਜੋੜ ਦੇ ਹੱਕ ਵਿਚ ਹੈ ਜਿਸ ਨੂੰ ਲੈ ਕੇ ਪਾਰਟੀ ਦੇ ਵਰਕਰ ਵੀ ਭੰਬਲਭੂਸੇ ਵਿਚ ਸਨ ਕਿਉਂਕਿ ਪਾਰਟੀ ਦੇ ਸੰਸਦ ਮੈਂਬਰ ਗੱਠਜੋੜ ਦੇ ਹੱਕ ਵਿਚ ਸਨ। ਪੰਜਾਬ ਕਾਂਗਰਸ ਦੀ ਚਿੰਤਾ ਇਹ ਸੀ ਕਿ ਜੇ ‘ਆਪ’ ਨਾਲ ਗੱਠਜੋੜ ਕਰ ਕੇ ਉਹ ਲੋਕ ਸਭਾ ਦੀ ਚੋਣ ਲੜਦੀ ਹੈ ਤਾਂ ਉਸ ਨੂੰ ‘ਆਪ’ ਲਈ ਵੋਟਾਂ ਮੰਗਣੀਆਂ ਪੈਂਦੀਆਂ ਜਦਕਿ ਸਰਕਾਰ ਨੇ ਕਾਂਗਰਸ ਦੇ ਦੋ ਦਰਜਨ ਤੋਂ ਵੱਧ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗਿ੍ਰਫ਼ਤਾਰ ਕਰ ਕੇ ਜੇਲ੍ਹ ਭੇਜਿਆ ਸੀ। ਅਜਿਹੇ ’ਚ ਕਾਂਗਰਸ ਦੇ ਹੱਥੋਂ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਕਲ ਜਾਵੇਗੀ ਬਲਕਿ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਨੁਕਸਾਨ ਹੋਣਾ ਸੀ। ਪਾਰਟੀ ਨੇਤਾਵਾਂ ਦੀ ਚਿੰਤਾ ਇਹ ਵੀ ਸੀ ਕਿ ਗੱਠਜੋੜ ਹੋਣ ਨਾਲ ਵਰਕਰਾਂ ਦਾ ਬੇਸ ਵੀ ‘ਆਪ’ ਦੇ ਹੱਕ ਵਿਚ ਖਿਸਕ ਜਾਂਦਾ। ਇਹੀ ਕਾਰਨ ਹੈ ਕਿ ਕਾਂਗਰਸ ਸ਼ੁਰੂ ਤੋਂ ਹੀ ਇਸ ਗੱਠਜੋੜ ਦੇ ਖ਼ਿਲਾਫ਼ ਸੀ। ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ, ਪਾਰਟੀ ਮਜ਼ਬੂਤੀ ਨਾਲ ਲੋਕ ਸਭਾ ਚੋਣਾਂ ਲੜਨ ਲਈ ਤਿਆਰ ਹੈ ਕਿਉਂਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਦੁਖੀ ਹਨ।
ਉਥੇ ਸਰਕਾਰ ਨੇ ਕਾਂਗਰਸ ਦੇ ਵਰਕਰਾਂ ਤੋਂ ਲੈ ਕੇ ਸਰਪੰਚ ਤੱਕ ਨਾਲ ਧੱਕੇਸ਼ਾਹੀ ਕੀਤੀ ਹੈ। ਜ਼ਿਕਰਯੋਗ ਹੈ ਕਿ ਗੱਠਜੋੜ ਨੂੰ ਲੈ ਕੇ ਸਥਿਤੀ ਸਪੱਸ਼ਟ ਕਰਨ ਨੂੰ ਲੈ ਕੇ ਆਸ਼ੂ ਵੀ ਵਿਰੋਧ ਕਰ ਰਹੇ ਸਨ। ਉਨ੍ਹਾਂ ਪਾਰਟੀ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਦੀਆਂ ਮੀਟਿੰਗਾਂ ਦਾ ਬਾਈਕਾਟ ਕਰ ਦਿੱਤਾ ਸੀ। ਯਾਦਵ ਦੇ ਪਿਛਲੇ ਦਿਨੀਂ ਚੱਲ ਰਹੀਆਂ ਮੀਟਿੰਗਾਂ ਦੌਰਾਨ ਵੀ ਆਸ਼ੂ ਸ਼ਾਮਲ ਨਹੀਂ ਹੋਏ।
Comentários