16/01/2024
ਮੁੰਡੀਆਂ ਕਲਾਂ ਦੀ ਰਹਿਣ ਵਾਲੀ ਔਰਤ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ। ਜਿਸ ਆਟੋ ’ਚ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਸੀ ’ਚ ਉਸ ਨੇ ਬੱਚੇ ਨੂੰ ਜਨਮ ਦਿੱਤਾ ਤੇ ਉਸ ਦੀ ਮੌਤ ਹੋ ਗਈ। ਜਦਕਿ ਹਸਪਤਾਲ ਪਹੁੰਚ ਕੇ ਉਸ ਨੇ ਇਕ ਹੋਰ ਬੱਚੇ ਨੂੰ ਜਨਮ ਦਿੱਤਾ, ਜਿਸ ਦੀ ਵੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹਸਪਤਾਲ ’ਚ ਬੱਚੇ ਨੂੰ ਬੇਬੀ ਆਈਸੀਯੂ ’ਚ ਰੱਖਣ ਦੀ ਗੱਲ ਕਹੀ ਗਈ ਸੀ ਪਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਬੱਚੇ ਦੀ ਮੌਤ ਹੋਈ। ਰੋਸ ’ਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਕੈਂਪਸ ’ਚ ਡਾਕਟਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਫਿਲਹਾਲ ਔਰਤ ਹਸਪਤਾਲ ’ਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਮੁੰਡੀਆਂ ਕਲਾਂ ਦੀ ਰਹਿਣ ਵਾਲੀ ਔਰਤ ਗਰਭਵਤੀ ਸੀ। ਉਸ ਦਾ ਪਤੀ ਮਿਥੁਨ ਉਸ ਨੂੰ ਆਟੋ ’ਚ ਬਿਠਾ ਕੇ ਸਿਵਲ ਹਸਪਤਾਲ ਲਿਜਾ ਰਿਹਾ ਸੀ। ਇਸ ਦੌਰਾਨ ਔਰਤ ਨੇ ਰਸਤੇ ’ਚ ਇਕ ਲੜਕੇ ਨੂੰ ਜਨਮ ਦਿੱਤਾ, ਜਿਸ ਦੀ ਮੌਤ ਹੋ ਗਈ।
ਇਸ ਦੌਰਾਨ ਔਰਤ ਦੀ ਹਾਲਤ ਖ਼ਰਾਬ ਹੋ ਗਈ। ਪਤੀ ਕਿਸੇ ਤਰ੍ਹਾਂ ਉਸ ਨੂੰ ਹਸਪਤਾਲ ਲੈ ਕੇ ਪੁੱਜਾ। ਦੋਸ਼ ਹੈ ਕਿ ਔਰਤ ਦੀ ਗੰਭੀਰ ਹਾਲਤ ਦੇਖਣ ਦੇ ਬਾਵਜੂਦ ਉਸ ਨੂੰ ਲੇਬਰ ਰੂਮ ਲਿਜਾਣ ’ਚ ਦੇਰੀ ਕੀਤੀ ਗਈ। ਪਤੀ ਔਰਤ ਨੂੰ ਇੱਧਰ-ਉਧਰ ਲੈ ਕੇ ਭਟਕਦਾ ਰਿਹਾ। ਜਦ ਉਸ ਨੂੰ ਲੇਬਰ ਰੂਮ ਲਿਜਾਇਆ ਗਿਆ ਤਾਂ ਉਥੇ ਉਸ ਨੇ ਬੱਚੀ ਨੂੰ ਜਨਮ ਦਿੱਤਾ। ਬੱਚੀ ਦੀ ਹਾਲਤ ਵੀ ਚੰਗੀ ਨਹੀਂ ਸੀ। ਮਿਥੁਨ ਅਨੁਸਾਰ ਪਹਿਲਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਬੱਚੀ ਨੂੰ ਬੇਬੀ ਆਈਸੀਯੂ ’ਚ ਰੱਖਿਆ ਜਾਵੇਗਾ ਤੇ ਜੇਕਰ ਉਸ ਦੀ ਹਾਲਤ ਨਾ ਸੁਧਰੀ ਤਾਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਜਾਵੇਗਾ। ਜਦ ਤਕ ਬੱਚੀ ਨੂੰ ਬੇਬੀ ਆਈਸੀਯੂ ਲਿਜਾਇਆ ਗਿਆ, ਉਦੋਂ ਤਕ ਬਹੁਤ ਦੇਰ ਹੋ ਗਈ ਤੇ ਬੱਚੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਸਹੀ ਸਮੇਂ ’ਤੇ ਔਰਤ ਤੇ ਬੱਚੀ ਦਾ ਇਲਾਜ ਕਰ ਦਿੰਦਾ ਤਾਂ ਦੋਵਾਂ ਦੀ ਜਾਨ ਬੱਚ ਸਕਦੀ ਸੀ। ਹਾਲਾਂਕਿ ਹਸਪਤਾਲ ਸਟਾਫ ਦਾ ਕਹਿਣਾ ਹੈ ਕਿ ਜਦ ਔਰਤ ਹਸਪਤਾਲ ਪਹੁੰਚੀ ਤਾਂ ਉਸ ਦੀ ਹਾਲਤ ਬੇਹੱਦ ਖ਼ਰਾਬ ਸੀ ਤੇ ਉਸ ਨੂੰ ਤੁਰੰਤ ਲੇਬਰ ਰੂਮ ਲਿਜਾਇਆ ਗਿਆ ਸੀ।
Comments