24/12/2023
ਬਠਿੰਡਾ ਪੁਲਿਸ ਦੇ ਸੀਆਈਏ ਸਟਾਫ਼ ਦੀ ਟੀਮ ਨੇ ਇਕ ਅਜਿਹੇ ਲੁਟੇਰੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਹੜਾ ਕਿ ਔਰਤਾਂ ਦਾ ਸਹਾਰਾ ਲੈ ਕੇ ਰਾਹਗੀਰਾਂ ਨੂੰ ਲੁੱਟਦਾ ਆ ਰਿਹਾ ਸੀ। ਇਸ ਗਿਰੋਹ 'ਚ ਤਿੰਨ ਔਰਤਾਂ ਵੀ ਸ਼ਾਮਲ ਸਨ। ਪੁਲਿਸ ਨੇ ਹੁਣ ਉਕਤ ਤਿੰਨ ਔਰਤਾਂ ਸਮੇਤ ਪੰਜ ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਮਾਰੂ ਹਥਿਆਰ ਬਰਾਮਦ ਕੀਤੇ ਹਨ। ਉਕਤ ਗਿਰੋਹ ਦੀਆਂ ਔਰਤਾਂ ਰਾਹਗੀਰਾਂ ਤੋਂ ਮਦਦ ਬਹਾਣੇ ਉਨ੍ਹਾਂ ਨੂੰ ਰੋਕਦੀਆਂ ਸਨ ਅਤੇ ਗਿਰੋਹ ਦੇ ਮਰਦ ਮੈਂਬਰ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਉਨ੍ਹਾਂ ਕੋਲੋ ਪੈਸੇ ਤੇ ਹੋਰ ਕੀਮਤੀ ਸਮਾਨ ਲੁੱਟ ਲੈਂਦੇ ਸਨ। ਮਨਮੋਹਨ ਸਰਨਾ ਪੀਪੀਐੱਸ ਡੀਐੱਸਪੀ ਡਿਟੈਕਟਿਵ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ-1 ਦੀ ਟੀਮ ਗਸ਼ਤ ਅਤੇ ਚੈਕਿੰਗ ਕਰ ਰਾਹੀ ਸੀ ਕਿ ਸੂਚਨਾ ਮਿਲੀ ਕਿ ਰਾਤ ਸਮੇ ਕੁੱਝ ਔਰਤਾਂ ਆਪਣੀ ਕੋਈ ਮਜਬੂਰੀ ਦੱਸ ਕੇ ਰਾਹਗੀਰਾਂ ਨੂੰ ਰੋਕ ਕੇ ਸਹਾਇਤਾ ਦੀ ਮੰਗ ਕਰਦੀਆਂ ਹਨ, ਜਿਸ ’ਤੇ ਕੁੱਝ ਭੋਲੇ ਭਾਲੇ ਲੋਕ ਤਰਸ ਖਾ ਕੇ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੇ ਹਨ। ਜਦੋਂ ਉਕਤ ਵਿਅਕਤੀ ਸਹਾਇਤਾ ਲਈ ਔਰਤਾਂ ਕੋਲ ਰੁਕਦਾ ਸੀ ਤਾਂ ਪਾਸੇ ਲੁਕੇ ਹੋਏ ਇਨ੍ਹਾਂ ਦੇ ਸਾਥੀ ਤਰੁੰਤ ਉਥੇ ਆ ਕੇ ਉਸ ਉੱਪਰ ਹਮਲਾ ਕਰ ਦਿੰਦੇ ਸਨ ਅਤੇ ਉਸ ਕੋਲੋ ਕੀਮਤੀ ਸਮਾਨ ਦੀ ਲੁੱਟ ਕਰ ਲੈਂਦੇ ਸਨ। ਇਸ ਗਿਰੋਹ ਦੇ ਪੁਰਸ਼ ਮੈਂਬਰ ਮਾਰੂ ਹਥਿਆਰ ਨਾਲ ਮਾਰ ਦੇਣ ਜਾਂ ਸੱਟਾਂ ਮਾਰਨ ਦਾ ਡਰਾਵਾ ਦੇ ਕੇ ਭੋਲੇ-ਭਾਲੇ ਲੋਕਾਂ ਪਾਸੋਂ ਜਬਰਦਸਤੀ ਪੈਸੇ ਵਸੂਲ ਕਰਦੇ ਹਨ। ਇਸ ਗਿਰੋਹ ਦੇ 2 ਵਿਅਕਤੀਆਂ ਅਤੇ 3 ਔਰਤਾਂ ਨੂੰ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ-1 ਦੀ ਟੀਮ ਕਾਬੂ ਕਰ ਲਿਆ।
ਡੀਐੱਸਪੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹਗੀਰਾਂ ਨੂੰ ਮਾਰੂ-ਹਥਿਆਰਾਂ ਨਾਲ ਮਾਰ ਦੇਣ ਦਾ ਡਰਾਵਾ ਦੇ ਕੇ ਲੁੱਟ ਕਰਨ ਵਾਲੇ 2 ਵਿਅਕਤੀਆਂ ਅਤੇ 3 ਔਰਤਾਂ ਦੀ ਪਛਾਣ ਰਮਨੀਤ ਸ਼ਰਮਾ ਉਰਫ ਰੰਮੂ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਗੁਰੁ ਕੀ ਨਗਰੀ ਬਠਿੰਡਾ, ਰਾਜ ਸ਼ੁਕਲਾ ਪੁੱਤਰ ਸੂਰਜ ਵਾਸੀ ਸੁਰਖਪੀਰ ਰੋਡ ਬਠਿੰਡਾ, ਗੁਰਜੀਤ ਕੌਰ ਉਰਫ ਕਰਮਜੀਤ ਪਤਨੀ ਜਸਵਿੰਦਰ ਸਿੰਘ ਵਾਸੀ ਨੰਨ੍ਹੀ ਛਾਂ ਚੌਂਕ ਬਠਿੰਡਾ, ਸਲੋਨੀ ਵਰਮਾ ਪੁੱਤਰੀ ਤਰਸੇਮ ਲਾਲ ਵਾਸੀ ਆਵਾ ਬਸਤੀ ਬਠਿੰਡਾ ਅਤੇ ਮਾਨਸੀ ਦੇਵੀ ਪਤਨੀ ਸ਼ੰਮੀ ਸਿੰਘ ਵਾਸੀ ਨੇੜੇ ਗੁਰਦੁਵਾਰਾ ਸਾਹਿਬ ਫੇਸ-1 ਮਾਡਲ ਟਾਊਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀਆਨ ਖਿਲਾਫ ਥਾਣਾ ਕੋਤਵਾਲੀ ਬਠਿੰਡਾ ਵਿਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਕੋਲੋ ਤੇਜਧਾਰ ਹਥਿਆਰ ਅਤੇ ਬੇਸਬਾਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਦੇ ਗਿਰੋਹ ਵਿਚ ਕੌਣ ਕੌਣ ਲੋਕ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਹੁਣ ਤਕ ਲੁੱਟ ਦੀਆਂ ਕਿਨ੍ਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਡੀਐਸਪੀ ਸਰਨਾ ਨੇ ਦੱਸਿਆ ਕਿ ਫੜ੍ਹੇ ਗਏ ਲੁਟੇਰਿਆਂ ਦਾ ਪੁਰਾਣਾ ਰਿਕਾਰਡ ਵੀ ਅਪਰਾਧਿਕ ਹੈ। ਉਨ੍ਹਾਂ ਉਪਰ ਥਾਣਾ ਕੈਂਟ ਬਠਿੰਡਾ, ਥਾਣਾ ਕੋਤਲਵਾਲੀ, ਥਾਣਾ ਥਰਮਲ ਅਤੇ ਥਾਣਾ ਫੂਲ ਵਿਚ ਐਨਡੀਪੀਐਸ, ਧੋਖਾਧੜੀ ਅਤੇ ਚੋਰੀ ਦੇ ਚਾਰ ਮਾਮਲੇ ਦਰਜ ਹਨ।
Comments