13/11/2024
ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਸਥਿਤ ਹਵੇਲੀ ਨੇੜੇ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਸਹੇਲੀਆਂ ਵਿੱਚ ਸਕਾਰਪੀਓ ਗੱਡੀ ਵੱਜਣ ਕਾਰਨ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਸਨ, ਜਿੰਨਾਂ ਨੂੰ ਇਲਾਜ ਲਈ ਡੀਐੱਮਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ, ਜਿੱਥੇ ਦੋਵਾਂ ਸਹੇਲੀਆਂ ਦੀ ਮੌਤ ਹੋ ਗਈ ।
ਕੇਸ ਦੀ ਪੜਤਾਲ ਕਰ ਰਹੀ ਮਹਿਲਾ ਸਬ -ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਹੁਸਨਪ੍ਰੀਤ ਕੌਰ (18) ਪੁੱਤਰੀ ਗੁਰਦਿਆਲ ਸਿੰਘ ਅਤੇ ਉਸਦੀ ਸਹੇਲੀ ਮਨਵੀਰ ਕੌਰ (17) ਪੁਤਰੀ ਹਰਮੀਤ ਸਿੰਘ ਵਾਸੀਆਨ ਪਿੰਡ ਪਮਾਲ ਜਿਹੜੀਆਂ ਜੀਟੀਬੀ ਕਾਲਜ ਦਾਖਾ ਵਿਖੇ ਬੀਐੱਸਸੀ ਕੰਪਿਊਟਰ ਦਾ ਕੋਰਸ ਕਰਦੀਆਂ ਸਨ ਅਤੇ ਕਾਲਜ ਤੋਂ ਛੁੱਟੀ ਉਪਰੰਤ ਜਦੋਂ ਉਹ ਦੋਵੇਂ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਹੀਆਂ ਸਨ ਤਾਂ ਜਦੋਂ ਇਹ ਦੋਵੇਂ ਹਵੇਲੀ ਨੇੜੇ ਪੁੱਜੀਆਂ ਤਾਂ ਪਿਛੋਂ ਮੋਗਾ ਸਾਈਡ ਤੋਂ ਆ ਰਹੀ ਇੱਕ ਸਕਾਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਹਾਦਸੇ ਦੀ ਸੂਚਨਾ ਮਿਲਣ ਉਪਰੰਤ ਦਾਖਾ ਪੁਲਿਸ ਨੇ ਮੌਕੇ ’ਤੇ ਪੁੱਜਕੇ ਜ਼ਖ਼ਮੀ ਲੜਕੀਆਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦਾਖਲ ਕਰਵਾਇਆ ਜਿਥੇ ਉਹ ਜਖ਼ਮਾਂ ਦੀ ਤਾਬ ਨਾ ਝੱਲਦੀਆਂ ਹੋਈਆਂ ਦਮ ਤੋੜ ਗਈਆਂ। ਪੁਲਿਸ ਨੇ ਮਿ੍ਰਤਕ ਹੁਸਨਪ੍ਰੀਤ ਕੌਰ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰ ਦਿੱਤੀ ਹੈ ।
Comments