11/01/2024
ਐਸਟੀਐਫ ਲੁਧਿਆਣਾ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਸਵਿਫਟ ਕਾਰ ਸਵਾਰ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 25 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਐਸਟੀਐਫ ਲੁਧਿਆਣਾ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਖੁਲਾਰਪੁਰ ਜਲੰਧਰ ਦੇ ਵਾਸੀ ਰਾਕੇਸ਼ ਕੁਮਾਰ ਉਰਫ ਕੈਸਾ ਅਤੇ ਜਗਰੂਪ ਸਿੰਘ ਉਰਫ ਰੂਪ ਵਜੋਂ ਹੋਈ ਹੈ l ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਜਦੋਂ ਉਹ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਮੁਲਜ਼ਮਾਂ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁੱਕਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਬੰਸ ਸਿੰਘ ਤੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਦੋਵੇਂ ਮੁਲਜ਼ਮ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਹਨl ਪੁਲਿਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਆਪਣੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਨੂਰ ਮਹਿਲ ਤੋਂ ਜਲੰਧਰ ਜਾਣ ਵਾਲੇ ਰਸਤੇ ਵੱਲ ਜਾਣਾ ਹੈ l ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਸਵਿਫਟ ਕਾਰ ਸਵਾਰ ਰਾਕੇਸ਼ ਕੁਮਾਰ ਤੇ ਜਗਰੂਪ ਸਿੰਘ ਨੂੰ ਹਿਰਾਸਤ ਵਿੱਚ ਲਿਆ ਤਲਾਸ਼ੀ ਦੇ ਦੌਰਾਨ ਕਾਰ ਦੀ ਡਰਾਈਵਰ ਸੀਟ ਦੇ ਥੱਲਿਓਂ ਇੱਕ ਬੈਗ ਵਿੱਚ ਰੱਖੀ ਗਈ 4 ਕਿਲੋ 520 ਗ੍ਰਾਮ ਹੈਰੋਇਨ, ਇੱਕ ਇਲੈਕਟਰੋਨਿਕ ਕੰਡਾ ਤੇ ਦਸ ਮੋਮੀ ਪਾਰਦਰਸ਼ੀ ਲਿਫਾਫੇ ਬਰਾਮਦ ਕੀਤੇ ਗਏl
ਪੁਲਿਸ ਨੇ ਜਦ ਰਾਕੇਸ਼ ਕੁਮਾਰ ਦੀ ਤਲਾਸ਼ ਵੀ ਲਈ ਤਾਂ ਉਸਦੇ ਲੱਕ ਨਾਲ ਬੰਨੇ ਪਰਨੇ ਵਿੱਚੋਂ 480 ਗਰਾਮ ਹੈਰੋਇਨ ਮਿਲੀl ਐਸਟੀਐਫ ਦੀ ਟੀਮ ਨੇ ਕੁੱਲ ਪੰਜ ਕਿਲੋ ਹੈਰੋਇਨ ਬਰਾਮਦ ਕੀਤੀl ਮੁਢਲੀ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਰਾਕੇਸ਼ ਕੁਮਾਰ ਉਰਫ ਕੈਸਾ ਦੇ ਖ਼ਿਲਾਫ਼ ਪਹਿਲੋਂ ਤੋਂ ਹੀ ਨਸ਼ਾ ਤਸਕਰੀ ਤੇ ਕਤਲ ਦਾ ਮੁੱਕਦਮਾ ਦਰਜ ਹੈl ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਰਾਕੇਸ਼ ਅਗਸਤ 2023 ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਜਮਾਨਤ ’ਤੇ ਬਾਹਰ ਆਇਆ ਸੀl
ਉਹ ਹੈਰੋਇਨ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਬਾਰਡਰ ਏਰੀਆ ਤੋਂ ਲਿਆ ਕੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦਾ ਸੀ। ਐਸਟੀਐਫ ਦੀ ਟੀਮ ਦੋਵਾਂ ਮੁਲਜਮਾਂ ਕੋਲੋਂ ਵਧੇਰੇ ਪੁੱਛਗਿੱਛ ਕਰਨ ਵਿੱਚ ਜੁਟ ਗਈ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਤਫਤੀਸ਼ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ l
Comments