05/02/2024
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਤਿੰਨ ਜੱਜਾਂ ਨੇ ਮਾਮਲੇ ਦੀ ਸੁਣਵਾਈ ਕੀਤੀ। ਚੀਫ਼ ਜਸਟਿਸ ਨੇ ਪ੍ਰੀਜ਼ਾਈਡਿੰਗ ਆਫਿਸ ਦੀ ਵੀਡੀਓ ਵੀ ਦੇਖੀ ਜਿਸ ਵਿਚ ਉਹ ਕਥਿਤ ਤੌਰ ’ਤੇ ਵੋਟਾਂ ਰੱਦ ਕਰ ਰਹੇ ਹਨ। ਸੀਜੇਆਈ ਨੇ ਕਿਹਾ ਕਿ ਇਹ ਲੋਕਤੰਤਰ ਦਾ ਮਜ਼ਾਕ ਹੈ। ਜੋ ਹੋਇਆ ਉਸ ਤੋਂ ਅਸੀਂ ਹੈਰਾਨ ਹਾਂ। ਸੀਜੇਆਈ ਨੇ ਕਿਹਾ ਕਿ ਅਸੀਂ ਲੋਕਤੰਤਰ ਦੀ ਇਸ ਤਰ੍ਹਾਂ ਹੱਤਿਆ ਦੀ ਇਜਾਜ਼ਤ ਨਹੀਂ ਦੇ ਸਕਦੇ। ਸੀਜੇਆਈ ਨੇ ਚੋਣਾਂ ਦੀ ਪੂਰੀ ਵੀਡੀਓ ਪੇਸ਼ ਕਰਨ ਲਈ ਕਿਹਾ ਹੈ ਅਤੇ ਨੋਟਿਸ ਵੀ ਜਾਰੀ ਕੀਤਾ ਹੈ।
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਕੁਲਦੀਪ ਕੁਮਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰਾ ਰਿਕਾਰਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਕੋਲ ਸ਼ਾਮ 5 ਵਜੇ ਤਕ ਸਾਰੇ ਦਸਤਾਵੇਜ਼ਾਂ ਤੇ ਸਾਰੇ ਵੀਡੀਓ ਸਬੂਤਾਂ ਸਮੇਤ ਰੱਖਿਆ ਜਾਵੇਗਾ।
ਸੀਜੇਆਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ, “ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਮੇਅਰ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਸਾਰਾ ਰਿਕਾਰਡ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਕੋਲ ਜ਼ਬਤ ਕਰ ਕੀਤਾ ਜਾਵੇ ਤੇ ਬੈਲਟ ਪੇਪਰ, ਵੀਡੀਓਗ੍ਰਾਫੀ ਵੀ ਸੁਰੱਖਿਅਤ ਰੱਖੀ ਜਾਵੇ। ਰਿਟਰਨਿੰਗ ਅਫ਼ਸਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਉਹ ਰਿਕਾਰਡ ਸੌਂਪ ਦੇਣਗੇ।'
コメント