google-site-verification=ILda1dC6H-W6AIvmbNGGfu4HX55pqigU6f5bwsHOTeM
top of page

ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਬੋਲਦਾ ਅਜਾਇਬ ਘਰ ਵਿਕਸਤ ਕਰਾਂਗੇਃ ਕੈਬਨਿਟ ਮੰਤਰੀ

ਲੁਧਿਆਣਾ, 6 ਨਵੰਬਰ

ਡਾ. ਸੁਰਜੀਤ ਪਾਤਰ ਜੀ ਦੇ ਜੱਦੀ ਪਿੰਡ ਪੱਤੜ ਕਲਾਂ (ਜਲੰਧਰ) ਵਿਖੇ ਉਨ੍ਹਾਂ ਦੀ ਯਾਦ ਵਿੱਚ ਸ਼ਾਨਦਾਰ ਲਾਇਬਰੇਰੀ ਉਸਾਰੀ ਜਾਵੇਗੀ। ਸਥਾਨਕ ਸਰਕਾਰਾਂ ਦੇ ਮਹਿਕਮੇ ਨੂੰ ਸਿਫ਼ਾਰਸ਼ ਕਰਕੇ ਡਾਂ ਪਾਤਰ ਦੇ ਘਰ ਵੱਲ ਜਾਂਦੀ ਸੜਕ ਦਾ ਨਾਮਕਰਨ ਵੀ ਡਾ. ਸੁਰਜੀਤ ਪਾਤਰ ਮਾਰਗ ਦੇ ਰੂਪ ਵਿੱਚ ਕੀਤਾ ਜਾਵੇਗਾ। ਬੀਤੀ ਸ਼ਾਮ ਇਸ਼ਮੀਤ ਮਿਉਜ਼ਿਕ ਇੰਸਟੀਚਿਊਟ ਲੁਧਿਆਣਾ ਵਿਖੇ ਡਾ. ਸੁਰਜੀਤ ਪਾਤਰ ਜੀ ਨੂੰ ਸਮਰਪਿਤ ਸਮਾਗਮ ਵਲਵਲੇ 2024 ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਪੰਚਾਇਤਾਂ. ਸਭਿਆਚਾਰ ਤੇ ਸਨਅਤੀ ਵਿਕਾਸ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਇਹ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਪੰਜਾਬ ਦੇ ਸੱਭਿਆਚਾਰਕ ਮਾਮਲੇ ਵਿਭਾਗ ਦਾ ਸਮਰੱਥ ਅਦਾਰਾ ਹੈ ਜਿਸ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਵਿੱਚ ਬੋਲਦਾ ਅਜਾਇਬ ਘਰ ਵਿਸਤ ਕੀਤਾ ਜਾਵੇਗਾ।

ਸੌਂਦ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਜੀ ਨੇ ਅਨੇਕਾਂ ਕੌਮੀ ਤੇ ਕੌਮਾਂਤਰੀ ਸਨਮਾਨ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਪਏ ਜਿਨ੍ਹਾਂ ਵਿਚ ਸਾਲ 1993 ਵਿੱਚ "ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਲਈ ਸਾਹਿਤ ਅਕਾਦਮੀ ਸਨਮਾਨ, 1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਪੰਜਾਬੀ ਕਵੀ ਸਨਮਾਨ, 1999 ਵਿੱਚ "ਭਾਰਤੀ ਭਾਸ਼ਾ ਪਰੀਸ਼ਦ ਕਲਕੱਤਾ" ਵਲੋਂ ਪੰਚਨਦ ਪੁਰਸਕਾਰ 2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫ਼ਿਲਾਸਫ਼ੀ ਆਨਰਜ਼ ਕਾਜ਼ਾ (ਆਨਰੇਰੀ) ਦੀ ਉਪਾਧੀ, 2012 ਵਿੱਚ ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ "ਲਫ਼ਜ਼ਾਂ ਦੀ ਦਰਗਾਹ" ਲਈ ਸਰਸਵਤੀ ਪੁਰਸਕਾਰ ਆਦਿ ਸ਼ਾਮਲ ਹਨ। ਸ. ਪਾਤਰ ਨੇ ਲੰਮਾ ਸਮਾਂ ਪੰਜਾਬ ਆਰਟਸ ਕੌਂਸਲ ਦੀ ਚੇਅਰਮੈਨ ਵਜੋਂ ਵੀ ਅਗਵਾਈ ਕਰਕੇ ਕਲਾ ਜਗਤ ਨੂੰ ਯਾਦਗਾਰੀ ਸੇਵਾਵਾਂ ਦਿੱਤੀਆਂ।

ਇਸ ਮੌਕੇ ਉਹਨਾਂ ਨਾਲ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਰਨਕੰਵਲ ਸਿੰਘ, ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਜੀਤ ਪਾਤਰ ਦੇ ਸਪੁੱਤਰ ਮਨਰਾਜ ਪਾਤਰ ਅਤੇ ਸੰਗੀਤ ਜਗਤ, ਕਲਾ ਜਗਤ ਅਤੇ ਸਾਹਿੱਤ ਸੱਭਿਆਚਾਰ ਨਾਲ ਜੁੜੀਆਂ ਉੱਚ ਕੋਟੀ ਦੀਆਂ ਸ਼ਖ਼ਸੀਅਤਾਂ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ "ਡਾ. ਸੁਰਜੀਤ ਪਾਤਰ ਬਹੁਤ ਨਰਮ ਤੇ ਮਿੱਠਬੋਲੜੇ ਸੁਭਾਅ ਵਾਲੇ ਸੱਜਣ ਅਤੇ ਉੱਚ ਕੋਟੀ ਦੇ ਸ਼ਾਇਰ ਸਨ"।

ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੀ ਸੋਚ ਨੂੰ ਵਿਸ਼ਵ ਪੱਧਰ ਉੱਤੇ ਲਿਜਾਇਆ ਜਾਵੇਗਾ। ਕਿਉਂਕਿ ਇਸ਼ਮੀਤ ਸਿੰਘ ਪੰਜਾਬ ਦਾ ਪੁੱਤਰ ਆਪਣੇ ਆਪ ਵਿੱਚ ਇੱਕ ਹੀਰਾ ਸੀ। ਬਦਕਿਸਮਤੀ ਨਾਲ ਉਹ ਸਾਡੇ ਵਿੱਚ ਨਹੀਂ ਰਿਹਾ। ਪਰ ਉਸ ਨੂੰ ਯਾਦ ਕਰਦਿਆਂ, ਸਮਰਪਿਤ ਹੁੰਦਿਆ, ਇੱਥੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਵੀ ਧੰਨਵਾਦ ਕੀਤਾ ਅਤੇ ਕੁਝ ਸੰਸਥਾਵਾਂ ਤੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ।


Comments


Logo-LudhianaPlusColorChange_edited.png
bottom of page