11/01/2024
ਸੂੂਬੇ ਦੇ ਕਈ ਜ਼ਿਲ੍ਹਿਆਂ ’ਚ ਬੁੱਧਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ ਤੇ ਤੇਜ਼ ਹਵਾਵਾਂ ਨੇ ਕਾਂਬਾ ਹੋਰ ਵਧਾ ਦਿੱਤਾ। ਸੱਤ ਸ਼ਹਿਰਾਂ ’ਚ ਦਿਨ ਦਾ ਤਾਪਮਾਨ ਦਸ ਡਿਗਰੀ ਸੈਲਸੀਅਸ ਦੇ ਆਸਪਾਸ ਰਿਹਾ। ਸੂਬੇ ’ਚ ਵੱਧ ਤੋਂ ਵੱਧ ਤਾਪਮਾਨ ’ਚ ਵੀ ਦਸ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 13 ਜਨਵਰੀ ਯਾਨੀ ਲੋਹੜੀ ਤੱਕ ਠੰਢ ਤੋਂ ਰਾਹਤ ਦੇ ਆਸਾਰ ਨਹੀਂ ਹਨ। ਮੌਸਮ ਵਿਭਾਗ ਨੇ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਠੰਢੀ ਲਹਿਰ ਵੀ ਚੱਲੇਗੀ, ਜਿਸ ਨਾਲ ਕੋਲਡ ਡੇ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਸੂਬੇ ’ਚ ਲਗਾਤਾਰ ਚੌਥੇ ਦਿਨ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਨਗਰ ਦਿਨ ਸਮੇਂ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 5.9 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 9.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ’ਚ ਘੱਟੋ-ਘੱਟ ਤਾਪਮਾਨ 5.8 ਤੇ ਵੱਧ ਤੋਂ ਵੱਧ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ। ਅੰਮ੍ਰਿਤਸਰ, ਹਲਵਾਰਾ, ਗੁਰਦਾਸਪੁਰ ’ਚ ਸਵੇਰੇ ਧੁੰਦ ਕਾਰਨ ਦਿਸਣ ਹੱਦ 50 ਤੋਂ 200 ਮੀਟਰ ਤੱਕ ਰਹੀ। ਦੁਪਹਿਰ 12 ਵਜੇ ਤੋਂ ਬਾਅਦ ਧੁੰਦ ਹਟਦਿਆਂ ਹੀ ਤੇਜ਼ ਹਵਾ ਚੱਲੀ। ਹਵਾ ਦੀ ਰਫ਼ਤਾਰ ਪੰਜ ਤੋਂ ਸੱਤ ਕਿਲੋਮੀਟਰ ਪ੍ਰਤੀ ਘੰਟਾ ਰਹੀ, ਜਿਸ ਨਾਲ ਕੰਬਣੀ ਕਾਫ਼ੀ ਵਧ ਗਈ। ਇਸ ਮੌਸਮ ’ਚ ਪਹਿਲੀ ਵਾਰ ਬੁੱਧਵਾਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਇਕ ਤੋਂ ਦੋ ਡਿਗਰੀ ਸੈਲਸੀਅਸ ਘੱਟ ਦਰਜ ਕੀਤੇ ਗਏ। ਹੁਣ ਤੱਕ ਘੱਟੋ-ਘੱਟ ਤਾਪਮਾਨ ਸਾਰੇ ਜ਼ਿਲ੍ਹਿਆਂ ’ਚ ਜ਼ਿਆਦਾ ਹੀ ਚੱਲ ਰਿਹਾ ਸੀ।
Comments