26/12/2023
ਸ਼ਹਿਰ ਦੇ ਵਾਟਰ ਵਰਕਸ ਨੇੜੇ ਬਣੇ ਇਕ ਘਰ ’ਚ ਬੀਤੀ ਰਾਤ ਚੋਰਾਂ ਨੇ ਹੱਲਾ ਬੋਲਦਿਆਂ ਏਅਰਗੰਨ, ਏਅਰ ਪਿਸਤੌਲ, ਗਹਿਣਿਆਂ ਸਣੇ ਜ਼ਰੂਰੀ ਸਾਮਾਨ ਚੋਰੀ ਕਰ ਲਿਆ। ਇਸ ਦੌਰਾਨ ਪਰਿਵਾਰ ਧੀ ਨੂੰ ਮਿਲਣ ਲਈ ਗਿਆ ਹੋਇਆ ਸੀ ਤੇ ਪਿੱਛਿਓਂ ਚੋਰਾਂ ਨੇ ਘਰ ’ਤੇ ਹੱਥ ਸਾਫ਼ ਕਰ ਲਿਆ। ਪੀੜਤ ਪਰਿਵਾਰ ਮੁਤਾਬਕ ਇਹ ਉਨ੍ਹਾਂ ਦੇ ਘਰ ’ਚ ਚੌਥੀ ਚੋਰੀ ਹੈ।
ਜਦਕਿ ਪਹਿਲਾਂ ਹੋਈਆਂ ਤਿੰਨ ਚੋਰੀਆਂ ਦੇ ਮੁਲਜ਼ਮ ਵੀ ਫੜੇ ਨਹੀਂ ਗਏ, ਜਿਸ ਕਾਰਨ ਉਨ੍ਹਾਂ ’ਚ ਭਾਰੀ ਰੋਸ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈ ਹੈ ਤੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਸਾਹਮਣੇ ਚੋਰਾਂ ਨੂੰ ਫੜਨ ਦੀ ਗੁਹਾਰ ਲਗਾਈ ਹੈ।
ਜਾਣਕਾਰੀ ਦਿੰਦਿਆਂ ਮਾਲਕ ਰਮਨ ਸ਼ਰਮਾ ਨੇ ਦੱਸਿਆ ਕਿ ਉਸਦੀ ਗਾਂਧੀ ਚੌਕ ਨੇੜੇ ਭਾਂਡਿਆਂ ਦੀ ਦੁਕਾਨ ਹੈ। ਉਹ ਆਪਣੀ ਧੀ ਨੂੰ ਮਿਲਣ ਲਈ ਗਏ ਹੋਏ ਸਨ ਤੇ ਘਰ ਕੋਈ ਨਹੀਂ ਸੀ।
ਸਵੇਰੇ ਜਦੋਂ ਉਹ ਵਾਪਸ ਪਰਤੇ ਤਾਂ ਅੰਦਰ ਸਾਰਾ ਸਾਮਾਨਾ ਖਿੱਲਰਿਆ ਪਿਆ ਸੀ ਤੇ ਕਾਫ਼ੀ ਸਾਮਾਨ ਗ਼ਾਇਬ ਸੀ। ਉਨ੍ਹਾਂ ਦੱਸਿਆ ਕਿ ਘਰ ’ਚੋਂ ਇਕ ਐੱਲਈਡੀ, ਇਕ ਏਅਰਗੰਨ, ਇਕ ਏਅਰ ਪਿਸਤੌਲ, ਗਹਿਣੇ ਤੇ ਹੋਰ ਸਾਮਾਨ ਚੋਰੀ ਹੋ ਗਿਆ ਹੈ। ਜਦਕਿ ਪਰਿਵਾਰ ਬਾਕੀ ਸਾਮਾਨ ਦੀ ਸੰਭਾਲ ਕਰ ਰਿਹਾ ਹੈ। ਲਗਪਗ ਇਕ ਲੱਖ ਰੁਪਏ ਦੇ ਜ਼ਿਆਦਾ ਦੀ ਚੋਰੀ ਹੋਈ ਹੈ, ਜਿਸ ਸਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਪੀੜਤ ਵਿਅਕਤੀ ਨੇ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਘਰ ਤਿੰਨ ਵਾਰ ਚੋਰੀ ਹੋ ਚੁੱਕੀ ਹੈ। ਜਿਸ ’ਚ ਐੱਲਈਡੀ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਹੈ, ਜਿਸਦੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ। ਜਦਕਿ ਚੋਰੀ ਦੇ ਡਰ ਕਾਰਨ ਉਨ੍ਹਾਂ ਘਰ ’ਚ ਕੈਮਰੇ ਲਗਵਾਏ, ਪਰ ਹੁਣ ਮੁੜ ਤੋਂ ਚੋਰੀ ਦੀ ਘਟਨਾ ਨੇ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਘਰ ’ਚ ਲੱਗੇ ਕੈਮਰਿਆਂ ’ਚ ਚੋਰਾਂ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ, ਜਿਸ ਸਬੰਧੀ ਉਨ੍ਹਾਂ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦੀ ਤੋਂ ਜਲਦੀ ਚੋਰਾਂ ਨੂੰ ਫੜੇ ਤਾਂਕਿ ਉਨ੍ਹਾਂ ਦੀ ਪਰੇਸ਼ਾਨੀ ਘੱਟ ਹੋ ਸਕੇ।
Comments