21/12/2023
ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਐਲਾਨ ਕੀਤਾ ਹੈ ਕਿ ਜੇ ‘ਇੰਡੀਆ’ ਗੱਠਜੋੜ ਹੁੰਦਾ ਹੈ ਤੇ ਉਸ ਦਾ ਪੰਜਾਬ ਕਾਂਗਰਸ ਨੂੰ ਵੀ ਹਿੱਸਾ ਬਣਾਇਆ ਜਾਂਦਾ ਹੈ ਤਾਂ ਉਹ ਇਸ ਗੱਠਜੋੜ ਨਾਲ ਚੱਲਣ ਦੀ ਥਾਂ ਘਰ ਬੈਠਣਾ ਪਸੰਦ ਕਰਨਗੇ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ 20 ਮਹੀਨਿਆਂ ਵਿਚ ਪੰਜਾਬ ’ਚ ਕਾਂਗਰਸੀਆਂ ਨਾਲ ਧੱਕੇਸ਼ਾਹੀ ਹੋਈ ਹੈ, ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਸ਼ੂੁ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਰੋਧੀਆਂ ਖ਼ਿਲਾਫ਼ ਮੁਕੱਦਮੇ ਬਣਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ, ਉਸੇ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਵਿਰੋਧੀਆਂ ਖ਼ਿਲਾਫ਼ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਅਤੇ ਵਿਰੋਧੀਆਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ, ਉਹ ਵੀ ਬਦਲਾਲਊ ਨੀਤੀ ਦੇ ਭੁਗਤਭੋਗੀ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ‘ਇੰਡੀਆ’ ਗੱਠਜੋੜ ਹੁੰਦਾ ਹੈ ਤਾਂ ਉਹ ਆਮ ਆਦਮੀ ਪਾਰਟੀ ਨਾਲ ਨਹੀਂ ਚੱਲਣਗੇ ਅਤੇ ਨਾ ਹੀ ਪ੍ਰਚਾਰ ਕਰਨਗੇ, ਸਗੋਂ ਉਹ ਘਰ ਬੈਠ ਜਾਣਗੇ। ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਪਰ ਹਾਲਾਤ ਅਨੁਸਾਰ ਉਹ ਨਹੀਂ ਚੱਲ ਸਕਣਗੇ।
ਆਸ਼ੂ ਨੇ ਕਿਹਾ ਕਿ ਹਾਲੇ ਤੱਕ ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਕਾਂਗਰਸ ਨੂੰ ‘ਇੰਡੀਆ’ ਨਾਲ ਗੱਠਜੋੜ ਹੋਣ ਅਤੇ ਉਸ ਵਿਚ ਪੰਜਾਬ ਕਾਂਗਰਸ ਦੇ ਸ਼ਾਮਲ ਹੋਣ ਬਾਰੇ ਕੋਈ ਵੀ ਗੱਲ ਨਹੀਂ ਹੋਈ। ਜਿਹੜੇ ਕਾਂਗਰਸੀ ਵਰਕਰਾਂ ਨੇ ਔਖੇ-ਸੌਖੇ ਸਮੇਂ ਵਿਚ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ, ਪਾਰਟੀ ਉਨ੍ਹਾਂ ਵਰਕਰਾਂ ਦੀ ਸਲਾਹ ਨਾਲ ਹੀ ਕੋਈ ਫ਼ੈਸਲਾ ਲਵੇਗੀ। ਪੰਜਾਬ ਕਾਂਗਰਸ ਦਾ ‘ਇੰਡੀਆ’ ਦਾ ਹਿੱਸਾ ਬਣਨ ਦੀਆਂ ਜੋ ਗੱਲਾਂ ਚੱਲ ਰਹੀਆਂ ਹਨ, ਉਹ ਅੱਜ ਤੱਕ ਅਫ਼ਵਾਹ ਤੋਂ ਵਧ ਕੇ ਕੁਝ ਵੀ ਨਹੀਂ ਹੈ।
Comments