22/12/2023
ਜਿਸ ਦੇਸ਼ ਦੇ ਬੱਚੇ ਸੂਝਵਾਨ ਅਤੇ ਨਰੋਏ ਹੋਣਗੇ, ਉਹ ਦੇਸ਼ ਵੀ ਨਰੋਆ ਤੇ ਖੁਸ਼ਹਾਲ ਹੋਵੇਗਾ| ਜੇ ਅੱਜ ਧਿਆਨ ਮਾਰ ਕੇ ਵੇਖਿਆ ਜਾਵੇ ਤਾਂ ਔਸਤਨ ਸਾਨੂੰ ਛੋਟੇ-ਮੋਟੇ ਅਪਰਾਧ ਅਤੇ ਘਾਤਕ ਨਸ਼ਿਆਂ ਦੀ ਲਪੇਟ ਵਿੱਚ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਨਜ਼ਰ ਆਉਣਗੇ| ਸਮਾਜ ਵਿੱਚ ਵੱਧ ਰਹੇ ਬਾਲ ਅਪਰਾਧਾਂ ਪਿੱਛੇ ਰਾਜਨੀਤਕ, ਸੱਭਿਆਚਾਰਕ ਅਤੇ ਸਮਾਜਿਕ ਕਾਰਨਾਂ ਦਾ ਗੰਧਲਾਪਨ ਤਾਂ ਹੈ ਹੀ ਪਰ ਮਾਪੇ ਵੀ ਦੋਸ਼ ਮੁਕਤ ਨਹੀਂ ਕੀਤੇ ਜਾ ਸਕਦੇ| ਪੁਰਾਣੇ ਸਮੇਂ ਵਿੱਚ ਸੰਯੁਕਤ ਪਰਿਵਾਰ ਹੋਣ ਕਰਕੇ ਛੋਟੇ ਬੱਚਿਆਂ ਵਿੱਚ ਸਿਆਣੇ ਹੋਣ ਤੱਕ ਪਰਿਵਾਰ ਦੇ ਹਰ ਜੀਅ ਦਾ ਡਰ ਬਣਿਆ ਰਹਿੰਦਾ ਸੀ| ਛੋਟੇ ਬੱਚੇ ਦੇ ਪਾਲਣ-ਪੋਸ਼ਣ ਵਿੱਚ ਵੀ ਕੋਈ ਮੁਸ਼ਕਿਲ ਨਹੀਂ ਆਉਂਦੀ ਸੀ| ਅਜੋਕੇ ਦੌਰ ਵਿੱਚ ਮੀਆਂ-ਬੀਵੀ ਤੋਂ ਇਲਾਵਾ ਇਕ ਜਾਂ ਵੱਧ ਤੋਂ ਵੱਧ ਦੋ ਬੱਚਿਆਂ ਦਾ ਛੋਟਾ ਜਿਹਾ ਪਰਿਵਾਰ ਹੁੰਦਾ ਹੈ। ਸੰਯੁਕਤ ਪਰਿਵਾਰ, ਖੁੱਲ੍ਹਾ ਵਿਹੜਾ, ਪੂਰੇ ਪਰਿਵਾਰ ਦੇ ਬੱਚੇ ਤੇ ਬੱਚਿਆਂ ਦੀਆਂ ਪੁਰਾਣੀਆਂ ਖੇਡਾਂ ਤੋਂ ਸੁੰਗੜ ਕੇ ਟੀਵੀ. ਵਾਲੇ ਕਮਰੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ| ਕਈ ਥਾਈਂ ਤਾਂ ਇਕੱਲੇ-ਇਕੱਲੇ ਦਾ ਕਮਰਾ ਹੋ ਗਿਆ ਹੈ| ਪੁਰਾਣੀਆਂ ਕਦਰਾਂ-ਕੀਮਤਾਂ ਬਦਲ ਚੁੱਕੀਆਂ ਹਨ| ਅੱਜ ਦੇ ਮੀਆਂ-ਬੀਵੀ ਬਹੁਤੇ ਨੌਕਰੀ ਪੇਸ਼ਾ ਹਨ ।ਇਸ ਦੌੜ-ਭੱਜ ਵਾਲੀ ਜ਼ਿੰਦਗੀ ਵਿੱਚ ਬੱਚਾ ਨਾਨੀ-ਦਾਦੀ ਜਾਂ ਕਿਸੇ ਨੌਕਰਾਣੀ ਉੱਤੇ ਨਿਰਭਰ ਕਰਦਾ ਹੈ| ਪੱਛਮੀ ਸੱਭਿਅਤਾ ਦੀ ਤਰਜ਼ੇ-ਜ਼ਿੰਦਗੀ ਬੱਚਾ ਸੰਭਾਲਣਾ ਵੀ ਇਕ ਸਮੱਸਿਆ ਬਣ ਕੇ ਰਹਿ ਗਿਆ ਹੈ|
ਬੱਚੇ ਵਿੱਚ ਬੇਗ਼ਾਨਗੀ ਦਾ ਅਹਿਸਾਸ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ| ਕਈ ਮਾਪਿਆਂ ਕੋਲ ਆਪਣੀ ਔਲਾਦ ਵਾਸਤੇ ਖੁੱਲ੍ਹਾ ਪੈਸਾ ਤਾਂ ਹੁੰਦਾ ਹੈ ਪਰ ਸਮਾਂ ਨਹੀਂ ਹੁੰਦਾ| ਇਸ ਕਰਕੇ ਵੀ ਸਾਡੇ ਸਮਾਜ ਵਿੱਚ ਬਾਲ ਅਪਰਾਧਾਂ ਦੀ ਗਿਣਤੀ ਦਾ ਗ੍ਰਾਫ਼ ਦਿਨੋ-ਦਿਨ ਉਪਰ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ| ਇਸ ਦੇ ਕਾਰਨਾਂ ਨੂੰ ਘੋਖਣ ਦੀ ਲੋੜ ਹੈ| ਅੱਜ ਜੋ ਬੱਚੇ ਮਾਂ-ਬਾਪ ਦੀ ਮਰਜ਼ੀ ਦੇ ਖ਼ਿਲਾਫ਼ ਅਦਾਲਤੀ ਵਿਆਹ ਕਰਵਾ ਰਹੇ ਹਨ, ਉਹ ਕੱਲ੍ਹ ਨੂੰ ਆਪਣੇ ਬੱਚਿਆਂ ਨੂੰ ਕਿੰਨੀ ਕੁ ਸੱਭਿਅਤਾ ਸਿਖਾ ਸਕਣਗੇ ? ਇਥੇ ਵੀ ਮਾਤਾ-ਪਿਤਾ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ| ਜੋ ਮਾਂ-ਬਾਪ ਆਪਣੇ ਬੱਚੇ ਪ੍ਰਤੀ ਅਵੇਸਲੇ ਹੁੰਦੇ ਹਨ, ਅਕਸਰ ਹੀ ਉਨ੍ਹਾਂ ਜੋੜਿਆਂ ਦੀ ਔਲਾਦ ਵੱਡੀ ਹੋ ਕੇ ਬੇਗ਼ਾਨਗੀ ਦੇ ਅਹਿਸਾਸ ਵਿੱਚ ਵਿਚਰਦੀ ਹੈ| ਏਹੀ ਬੇਗ਼ਾਨਗੀ ਉਨ੍ਹਾਂ ਬੱਚਿਆਂ ਨੂੰ ਕਈ ਵਾਰ ਗਲਤ ਰਾਹ ’ਤੇ ਵੀ ਤੋਰ ਦਿੰਦੀ ਹੈ| ਸਿਆਣੀ ਮਾਂ-ਬੱਚੇ ਦਾ ਮੂੰਹ ਵੇਖ ਕੇ ਹੀ ਉਸ ਦੀ ਤਕਲੀਫ਼ ਦਾ ਅੰਦਾਜ਼ਾ ਲਾ ਲੈਂਦੀ ਹੈ| ਘੱਟ ਸਿਆਣੀ ਮਾਂ ਰੋਂਦੇ ਬੱਚੇ ਨੂੰ ਚੁੱਪ ਕਰਾਉਂਦੀ ਹਿਲਾ-ਹਿਲਾ ਥੱਕ ਭਾਵੇਂ ਜਾਵੇ ਪਰ ਇਹ ਨਹੀਂ ਸੋਚਦੀ ਕਿ ਬੱਚਾ ਰੋ ਕਿਉਂ ਰਿਹਾ ਹੈ? ਮਾਹਿਰ ਆਖਦੇ ਹਨ ਕਿ ਬੱਚੇ ਨੂੰ ਚੁੱਪ ਕਰਵਾਉਣ ਨਾਲੋਂ ਬੱਚੇ ਦੇ ਰੋਣ ਦਾ ਕਾਰਨ ਜਾਣਨਾ ਜ਼ਿਆਦਾ ਜ਼ਰੂਰੀ ਹੈ|
ਕੁਝ ਆਧੁਨਿਕ ਮਾਵਾਂ ਆਪਣੀ ਸਰੀਰਕ ਦਿੱਖ ਵਿਗੜਨ ਦੇ ਡਰੋਂ ਬੱਚੇ ਨੂੰ ਆਪਣਾ ਦੁੱਧ ਵੀ ਨਹੀਂ ਪਿਲਾਉਂਦੀਆਂ| ਫਿਰ ਮਮਤਾ ਦੇ ਅਰਥ ਕਿਵੇਂ ਸਮਝਣਗੀਆਂ ? ਮਾਂ ਦੇ ਚੁੰਘੇ ਦੁੱਧ ਦੀ ਲਲਕਾਰ ਤਾਂ ਸਾਰੀ ਉਮਰ ਹੀ ਸੁਣਨ ਨੂੰ ਮਿਲਦੀ ਹੈ ਪਰ ਚੁੰਘਣੀ ਦੇ ਦੁੱਧ ਨੂੰ ਕਦੀ ਵੰਗਾਰ ਨਹੀਂ ਪੈਂਦੀ। ਚੁੰਘਣੀ ਦੁੱਧ ਤਾਂ ਦੇ ਸਕਦੀ ਹੈ ਪਰ ਮਾਂ ਦੀ ਆਗੋਸ਼ ਜਿਹਾ ਨਿੱਘ ਨਹੀਂ । ਜੇ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਹੋਣ ਤਾਂ ਆਪਣਾ ਧਿਆਨ ਬੱਚੇ ਨੂੰ ਦੁੱਧ ਚੁੰਘਾਉਂਦੀ ਮਾਂ ਵੇਖ ਲਵੇ| ਅਪਰਾਧ ਬਿਊਰੋ ਦੇ ਦਰਸਾਏ ਬਾਲ ਅਪਰਾਧ ਅੰਕੜਿਆਂ ਉੱਤੇ ਸਰਸਰੀ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਸਥਿਤੀ ਕਿੰਨੀ ਭਿਆਨਕ ਹੈ| ਬਾਲ ਅਪਰਾਧ ਵੱਧਣ ਸਬੰਧੀ ਅਲੱਗ-ਅਲੱਗ ਵਿਚਾਰ ਸਾਹਮਣੇ ਆਏ ਹਨ । ਕੋਈ ਕਹਿ ਰਿਹਾ ਹੈ ਕਿ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ, ਕਈ ਫੋਨ ’ਤੇ ਨੈੱਟ ਨੂੰ ਦੋਸ਼ ਦਿੰਦੇ ਹਨ, ਕੁਝ ਦਾ ਆਖਣਾ ਹੈ ਕਿ ਅਪਰਾਧ ਰੋਕਣਾ ਪੁਲਸ ਦੀ ਜ਼ਿੰਮੇਵਾਰੀ ਹੈ| ਇਕ ਸਿੱਧੇ-ਸਾਦੇ ਮਨੁੱਖ ਦਾ ਵਿਚਾਰ ਹੈ ਕਿ ਮਾਪੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ| ਇਸ ਲਈ ਬਾਲ ਅਪਰਾਧ ਵੱਧ ਰਹੇ ਹਨ। ਇਸ ਵਿਚਾਰ ਵਿੱਚ ਕੁਝ ਦਮ ਲੱਗਦਾ ਹੈ ਕਿਉਂਕਿ ਅੱਜ ਹਰੇਕ ਸਰਵ-ਸੰਪਨ ਪਰਿਵਾਰ ਬੱਚੇ ਨੂੰ ਹਰ ਸੁੱਖ-ਸਹੂਲਤ ਮੁਹੱਈਆ ਕਰਵਾ ਰਿਹਾ ਹੈ| ਮਹਿੰਗੀ ਸਿੱਖਿਆ, ਮਹਿੰਗੀ ਕਾਰ, ਮੋਟਰਸਾਈਕਲ ਅਤੇ ਫੋਨ ਖ਼ਰੀਦ ਕੇ ਦੇਣਾ ਅਮੀਰ ਮਾਪਿਆਂ ਵਾਸਤੇ ਸਟੇਟਸ ਸਿੰਬਲ ਦੇ ਨਾਲ-ਨਾਲ ਸਰਫ਼ੇ ਦੀ ਔਲਾਦ ਦਾ ਕੋਈ ਅਣਸੁਖਾਵਾਂ ਡਰ ਵੀ ਕਿਧਰੇ ਨਾ ਕਿਧਰੇ ਸਤਾਉਂਦਾ ਹੈ| ਉਪਰੋਕਤ ਚੀਜ਼ਾਂ ਖ਼ਰੀਦਣ ਲਈ ਜਵਾਨ ਹੋ ਰਹੇ ਬੱਚੇ ਵੀ ਜ਼ਿੱਦ ਕਰਕੇ ਜ਼ੋਰ ਪਾਉਂਦੇ ਹਨ| ਬਿਨ੍ਹਾਂ ਲਾਇਸੰਸ ਤੋਂ ਡਰਾਈਵਿੰਗ ਕਰਨ ਤੋਂ ਰੋਕਣਾ ਪੁਲਸ ਦੀ ਘੱਟ ਤੇ ਮਾਪਿਆਂ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ| ਹਾਈ ਸਕੂਲਾਂ ਵਿੱਚ ਹੀ ਪੰਜੱਤਰ ਫ਼ੀਸਦ ਬੱਚੇ ਮੋਟਰਸਾਈਕਲ ਤੇ ਫੋਨ ਲੈ ਕੇ ਆਉਂਦੇ ਹਨ| ਮਾਂ-ਬਾਪ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਉਨ੍ਹਾਂ ਦਾ ਲਾਡਲਾ ਕਿਧਰ ਘੁੰਮ ਰਿਹਾ ਹੈ ਕਿਥੇ ਫੋਨ ਕਰਦਾ ਹੈ| ਬਹੁਤੇ ਮਾਪੇ ਬੱਚੇ ਦੀ ਨਿੱਜੀ ਆਜ਼ਾਦੀ ਵਿੱਚ ਦਖ਼ਲ ਨਾ ਦੇ ਕੇ ਆਪਣੇ-ਆਪ ਨੂੰ ਆਧੁਨਿਕ ਮਾਂ-ਬਾਪ ਬਣਨ ਦਾ ਭਰਮ ਪਾਲ ਰਹੇ ਹਨ। ਏਹੀ ਖੁੱਲ੍ਹ ਬਾਲ ਅਪਰਾਧ ਵਧਣ ਦਾ ਕਾਰਨ ਬਣ ਰਹੀ ਹੈ| ਦੋਸ਼ ਅਸੀਂ ਪੁਲਸ ਅਤੇ ਪ੍ਰਸ਼ਾਸਨ ਦੇ ਸਿਰ ਮੜ੍ਹ ਦਿੰਦੇ ਹਾਂ| ਜੇ ਇਕ ਜੋੜਾ ਆਪਣੇ ਇਕ ਜਾਂ ਦੋ ਬੱਚਿਆਂ ਨੂੰ ਕੰਟਰੋਲ ਨਹੀਂ ਕਰ ਸਕਦਾ ਤਾਂ ਪੁਲਸ ਕਿਵੇਂ ਕਰੇਗੀ? ਸਰਕਾਰ, ਪ੍ਰਸ਼ਾਸਨ ਤੇ ਪੁਲਸ ਵੀ ਤਾਂ ਸਾਡੇ ਵਿਚੋਂ ਹੀ ਹੈ! ਬੱਚੇ ਦੇ ਵਿਗੜਨ ਵਾਲੀਆਂ ਸਹੂਲਤਾਂ ਮਾਂ-ਬਾਪ ਖ਼ੁਦ ਮੁਹੱਈਆ ਕਰਵਾ ਰਿਹਾ ਹੈ| ਕਦੀ ਕਿਸੇ ਨੇ ਸੋਚਿਆ ਹੈ ਕਿ ਗਲ਼ੀਆਂ ਵਿੱਚ ਤੇ ਸੜਕਾਂ ਉੱਤੇ ਪਟਾਕੇ ਮਰਵਾ ਕੇ ਦੂਜਿਆਂ ਦਾ ਚੈਨ ਹਰਾਮ ਕਰਨ ਲਈ ਮੋਟਰਸਾਈਕਲ ਸਰਕਾਰ ਨੇ ਲੈ ਕੇ ਦਿੱਤਾ ਹੈ ਜਾਂ ਪੁਲਸ ਨੇ? ਸਖ਼ਤ ਕਾਨੂੰਨ ਲਾਗੂ ਨਾ ਹੋਣ ਦੇਣ ਵਿੱਚ ਵੀ ਸਾਡੀ ਮੁੱਖ ਭੂਮਿਕਾ ਹੁੰਦੀ ਹੈ| ਸਖ਼ਤੀ ਕਰ ਰਹੇ ਅਫਸਰ ਨੂੰ ਰਾਜਨੀਤਕ ਦਬਾਅ ਪਾ ਕੇ ਪ੍ਰਭਾਵਿਤ ਕੀਤਾ ਜਾਂਦਾ ਹੈ ਜੋ ਗ਼ਲਤ ਹੈ। ਕੁਝ ਸਕੂਲਾਂ ਦੇ ਮੁਖੀਆਂ ਦਾ ਕਹਿਣਾ ਹੈ ਕਿ ਬਹੁਤੇ ਬੱਚੇ ਦੂਜਿਆਂ ਦੀ ਰੀਸੇ ਵਿਗੜਦੇ ਹਨ| ਉਹ ਥੋੜ੍ਹੀ ਜਿਹੀ ਸਖ਼ਤੀ ਨਾਲ ਹੀ ਡਰ ਜਾਂਦੇ ਹਨ ਕਿ ਉਨ੍ਹਾਂ ਦੇ ਮਾਂ-ਪਿਓ ਨੂੰ ਪਤਾ ਨਾ ਲੱਗ ਜਾਵੇ| ਜੇ ਮਾਤਾ-ਪਿਤਾ ਥੋੜ੍ਹੀ ਜਿਹੀ ਹੀ ਨਿਗਰਾਨੀ ਰੱਖਣ ਤਾਂ ਅੱਧੇ ਬਾਲ ਅਪਰਾਧ ਘੱਟ ਸਕਦੇ ਹਨ| ਬੱਚੇ ਸੰਵੇਦਨਸ਼ੀਲ ਹੁੰਦੇ ਹਨ| ਮਾਂ-ਬਾਪ ਨੂੰ ਬੱਚਿਆਂ ਦੇ ਸਾਹਮਣੇ ਕੋਈ ਵੀ ਕੋਝੀ ਹਰਕਤ ਜਾਂ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ ਚਾਹੀਦਾ| ਨਕਲ ਬੱਚਿਆਂ ਦੀ ਫਿਤਰਤ ਹੈ। ਜੋ ਬੱਚਾ ਸੁਣਦਾ ਤੇ ਵੇਖਦਾ ਹੈ ਉਹ ਦਿਮਾਗ ਵਿੱਚ ਬੈਠ ਜਾਂਦਾ ਹੈ| ਬੱਚਾ ਬਹੁਤਾ ਮਾਤਾ-ਪਿਤਾ ਤੇ ਘਰ ਦੇ ਮਾਹੌਲ ਵਿੱਚੋਂ ਗ੍ਰਹਿਣ ਕਰਦਾ ਹੈ| ਬੱਚੇ ਦੀ ਸ਼ਖ਼ਸੀਅਤ ਵਿੱਚ ਆਲੇ-ਦੁਆਲੇ ਦਾ ਵੀ ਯੋਗਦਾਨ ਹੁੰਦਾ ਹੈ| ਅਧਿਆਪਕ ਤਾਂ ਉਸ ਦੀ ਪ੍ਰਤਿਭਾ ਨਿਖ਼ਾਰਦਾ ਹੈ| ਚੰਗੇ ਤੇ ਜ਼ਿੰਮੇਵਾਰ ਮਾਪੇ ਇਕ ਜ਼ਿੰਮੇਵਾਰ ਸਮਾਜ ਦੇ ਨਿਰਮਾਤਾ ਹਨ|
Comentarios