01/03/2024
ਸਤਲੁਜ ਦਰਿਆ ਵਿਚ ਰੇਤ ਮਾਫੀਆ ਵੱਲੋਂ ਧੜੱਲੇ ਨਾਲ ਪਾਬੰਦੀ ਦੇ ਬਾਵਜੂਦ ਪੋਕਲੇਨ ਮਸ਼ੀਨਾਂ ਲਗਾ ਕੇ ਰੇਤਾ ਕੱਢਣ ਦੇ ਗੋਰਖ ਧੰਦੇ ਦਾ ਆਪ ਆਗੂ ਨੇ ਸਟਿੰਗ ਆਪੇ੍ਰਸ਼ਨ ਕਰਦਿਆਂ ਖੁਲਾਸਾ ਕੀਤਾ। ਖੁਲਾਸੇ ਤੋਂ ਬਾਅਦ ਹਰਕਤ ਵਿਚ ਆਏ ਮਾਈਨਿੰਗ ਵਿਭਾਗ ਅਤੇ ਪੁਲਿਸ ਨੇ ਵੀ 2 ਪੋਕਲੇਨ ਮਸ਼ੀਨਾਂ ਫੜ ਕੇ ਕਬਜੇ ਵਿਚ ਲੈਂਦਿਆਂ ਦੋਵਾਂ ਚਾਲਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ‘ਆਪ’ ਆਗੂ ਦੇ ਇਸ ਅਚਾਨਕ ਛਾਪਾਮਾਰੀ ਦੌਰਾਨ ਰੇਤਾ ਕੱਢ ਰਹੀਆਂ 3 ਮਸ਼ੀਨਾਂ ਡਰਾਈਵਰ ਭਜਾ ਕੇ ਲੈ ਗਏ। ‘ਆਗ’ ਆਗੂ ਨੇ ਇਸ ਪੂਰੀ ਛਾਪੇਮਾਰੀ ਨੂੰ ਸਬੂਤ ਦੇ ਤੌਰ ’ਤੇ ਕੈਮਰੇ ਵਿਚ ਕੈਦ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਤਲੁਜ ਕੰਢੇ ਵੱਸਦੇ ਪਿੰਡ ਅੱਕੂਵਾਲ ਦੇ ਲੋਕਾਂ ਨੇ ਆਪ ਦੇ ਮੁੱਲਾਂਪੁਰ ਦਾਖਾ ਦੇ ਹਲਕਾ ਇੰਚਾਰਜ ਡਾ. ਕੇਐੱਨਐੱਸ ਕੰਗ ਨੂੰ ਦਰਿਆ ਵਿਚ ਪੋਕਲੇਨ ਮਸ਼ੀਨਾਂ ਰਾਹੀਂ ਹੋ ਰਹੀ ਨਾਜਾਇਜ ਮਾਈਨਿੰਗ ਦੀ ਸ਼ਿਕਾਇਤ ਕੀਤੀ। ਜਿਸ ’ਤੇ ਬੀਤੀ ਸ਼ਾਮ ਡਾ. ਕੰਗ ਆਪਣੀ ਟੀਮ ਨਾਲ ਅੱਕੂਵਾਲ ਪੁੱਜੇ ਅਤੇ ਉਨ੍ਹਾਂ ਨੇ ਨਜ਼ਰ ਰੱਖਦਿਆਂ ਰਾਤ ਪੈਂਦਿਆਂ ਹੀ ਪੋਕਲੇਨ ਮਸ਼ੀਨਾਂ ਰਾਹੀਂ ਰੇਤਾ ਕੱਢਣ ਦੇ ਮਾਮਲੇ ਦੀ ਮਾਈਨਿੰਗ ਵਿਭਾਗ ਅਤੇ ਸਿੱਧਵਾਂ ਬੇਟ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ’ਤੇ ਦੋਵੇਂ ਵਿਭਾਗਾਂ ਦੇ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਨੇ ਛਾਪੇਮਾਰੀ ਕੀਤੀ ਤਾਂ ਸਤਲੁਜ ਦਰਿਆ ਵਿਚ ਪਾਬੰਦੀ ਦੇ ਬਾਵਜੂਦ 5 ਮਸ਼ੀਨਾਂ ਨਾਲ ਰੇਤਾ ਕੱਢਿਆ ਜਾ ਰਿਹਾ ਸੀ। ਟੀਮ ਨੂੰ ਦੇਖ ਕੇ 3 ਮਸ਼ੀਨਾਂ ਦੇ ਚਾਲਕ ਤਾਂ ਭੱਜਣ ਵਿਚ ਕਾਮਯਾਬ ਹੋ ਗਏ ਜਦ ਕਿ 2 ਮਸ਼ੀਨਾਂ ਨੂੰ ਡਰਾਈਵਰਾਂ ਸਮੇਤ ਘੇਰਾ ਪਾ ਲਿਆ। ਇਸ ’ਤੇ ਸਿੱਧਵਾਂ ਬੇਟ ਪੁਲਿਸ ਨੇ ਮਾਈਨਿੰਗ ਵਿਭਾਗ ਦੇ ਜੇਈ ਲਕਸ਼ੈ ਗਰਗ ਦੀ ਸ਼ਿਕਾਇਤ ’ਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਦੋਵੇਂ ਪੋਕਲੇਨ ਮਸ਼ੀਨਾਂ ਕਬਜੇ ਵਿਚ ਲੈਂਦਿਆਂ ਉਸ ਦੇ ਚਾਲਕਾਂ ਭਾਗ ਸਿੰਘ ਉਰਫ ਕਾਕੂ ਪੁੱਤਰ ਕਮਲ ਪ੍ਰਕਾਸ਼ ਵਾਸੀ ਭਰਾਮਪੁਰ (ਨੰਗਲ) ਅਤੇ ਥੌਮਸ ਪੁੱਤਰ ਗੁਰਚਰਨ ਸਿੰਘ ਵਾਸੀ ਭਿੱਡੀ ਔਲਖ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕਰ ਲਿਆ।
Comments