08/02/2024
ਮਹਿੰਗਾਈ ਦੇ ਯੁੱਗ ਵਿੱਚ ਗਰੀਬ ਲੋਕ ਜਿੱਥੇ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਲਈ ਕੂੜੇ-ਕਰਕਟ ਦੇ ਢੇਰਾਂ ਤੋਂ ਟੁੱਟਾ-ਭੱਜਾ ਸਾਮਾਨ ਇਕੱਠਾ ਕਰਦਿਆਂ ਆਮ ਵੇਖੇ ਜਾਂਦੇ ਹਨ, ਉਥੇ ਇਸ ਖੇਤਰ ਵਿੱਚੋਂ ਲੰਘਦੀ ਅਪਰਬਾਰੀ ਦੁਆਬ ਨਹਿਰ ਬੰਦ ਹੋਣ ’ਤੇ ਪੁਲ਼ਾਂ ਹੇਠ ਜਲ ਪਰਵਾਹ ਕੀਤੀਆਂ ਅਸਥੀਆਂ ਦੀ ਰਾਖ ਛਾਣ ਕੇ ਕਿਰਤੀ ਲੋਕ ਮਾਲੋ-ਮਾਲ ਹੋ ਰਹੇ ਹਨ।
ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ’ਚੋਂ ਲੰਘਦੀ ਲਾਹੌਰ ਨੂੰ ਜਾਣ ਵਾਲੀ ਅਪਰਬਾਰੀ ਦੁਆਬ ਨਹਿਰ ਦੇ ਪੁਲ਼ ਕਿਲ੍ਹਾ ਲਾਲ ਸਿੰਘ ਵਿਖੇ ਨਹਿਰਬੰਦੀ ਦੌਰਾਨ ਦਰਜਨ ਤੋਂ ਵੱਧ ਨੌਜਵਾਨ ਅਤੇ ਬੱਚੇ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਪੈ ਰਹੀ ਠੰਢ ਦੌਰਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਲਗਾਤਾਰ ਪੁਲ਼ ਹੇਠਾਂ ਸਸਕਾਰ ਕਰਨ ਤੋਂ ਬਾਅਦ ਚੱਲਦੇ ਪਾਣੀ ਵਿਚ ਪ੍ਰਵਾਹ ਕੀਤੀਆਂ ਅਸਥੀਆਂ ਦੀ ਰਾਖ ਅਤੇ ਹੋਰ ਪੂਜਾ ਸਮੱਗਰੀ ਛਾਣ ਰਹੇ ਹਨ। ਨਹਿਰ ਕੰਢੇ ਝੁੱਗੀਆਂ-ਝੌਪੜੀਆਂ ਬਣਾ ਕੇ ਰਹਿ ਰਹੇ ਇਸ ਗਰੀਬ ਭਾਈਚਾਰੇ ਦੇ ਨੌਜਵਾਨਾਂ ਨੇ ਦੱਸਿਆ ਕਿ ਜਿੱਥੇ ਮਹਿੰਗਾਈ ਦੇ ਯੁੱਗ ਵਿਚ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਲਈ ਪਿੰਡਾਂ, ਸ਼ਹਿਰਾਂ, ਕਸਬਿਆਂ ’ਚ ਕੂੜੇ-ਕਰਕਟ ਦੇ ਢੇਰਾਂ ਵਿਚ ਸੁੱਟੇ ਗਏ ਟੁੱਟੇ-ਭੱਜੇ ਸਾਮਾਨ ਦੀ ਭਾਲ਼ ਕਰ ਕੇ ਰੋਜ਼ੀ-ਰੋਟੀ ਕਮਾ ਰਹੇ ਹਨ, ਉੱਥੇ ਉਹ ਅਪਰਬਾਰੀ ਦੁਆਬ ਨਹਿਰ ਦੇ ਬੰਦ ਹੋਣ ਤੋਂ ਬਾਅਦ ਹੁਣ ਲਗਾਤਾਰ ਪੁਲ਼ ਹੇਠਾਂ ਸੁੱਟੀ ਗਈ ਰਾਖ ਅਤੇ ਹੋਰ ਪੂਜਾ ਸਮੱਗਰੀ ਨੂੰ ਛਾਣ ਰਹੇ ਹਨ।
ਪੱਤਰਕਾਰਾਂ ਨੇ ਜਦੋਂ ਨਹਿਰ ਹੇਠਾਂ ਸੁੱਟੀ ਗਈ ਰਾਖ ਦੀ ਛਣਾਈ ਕਰਨ ਦਾ ਮੌਕਾ ਵੇਖਿਆ ਤਾਂ ਉਹ ਉਕਤ ਨੌਜਵਾਨਾਂ ਤੇ ਬੱਚਿਆਂ ਵੱਲੋਂ ਛਾਨਣਿਆ ਨਾਲ ਨਹਿਰ ਦੀ ਰੇਤ ਅਤੇ ਬੋਰੀਆਂ ਵਿਚ ਪਈ ਰਾਖ ਨੂੰ ਛਾਨਣ ਤੋਂ ਇਲਾਵਾ ਰੇਤ ਅਤੇ ਰਾਖ ਨੂੰ ਪਾਣੀ ਨਾਲ ਸਾਫ਼ ਕੀਤਾ ਜਾ ਰਿਹਾ ਸੀ। ਇਸ ਦੌਰਾਨ ਨੌਜਵਾਨਾਂ ਵੱਲੋਂ ਆਪਣੇ ਕੋਲ ਰੱਖੇ ਸ਼ਿਕੂਆਂ ਅਤੇ ਬਾਲਟਿਆਂ ਵਿਚ ਛਣਾਈ ਦੌਰਾਨ ਕੱਢੇ ਗਏ ਸਿੱਕੇ, ਤਾਂਬਾ, ਚਾਂਦੀ, ਪਿੱਤਲ ਆਦਿ ਹੋਰ ਵਿਕਣ ਵਾਲੇ ਸਾਮਾਨ ਨਾਲ ਭਰੇ ਹੋਏ ਸਨ।
ਪੁਲ਼ ਨੇੜੇ ਰਹਿਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਨਹਿਰ ਦੀ ਬੰਦੀ ਦੌਰਾਨ ਇਹ ਲੋਕ ਸਾਰਾ ਦਿਨ ਰਾਖ ਤੇ ਰੇਤ ਨੂੰ ਛਾਣਦੇ ਹਨ ਤੇ ਇਨ੍ਹਾਂ ਨੂੰ ਮਿ੍ਰਤਕ ਲੋਕਾਂ ਦੀ ਰਾਖ ਨਾਲ ਪ੍ਰਵਾਹ ਕੀਤੇ ਗਏ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਹੋਰ ਸਿੱਕੇ ਵੱਡੇ ਪੱਧਰ ’ਤੇ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਰੋਜ਼ਾਨਾ ਹਜ਼ਾਰਾਂ ਰੁਪਏ ਦਾ ਸਾਮਾਨ ਲੱਭਦਾ ਹੈ।
ਪ੍ਰਵਾਹ ਕੀਤੇ ਜਾਂਦੇ ਨੇ ਸੋਨੇ ਚਾਂਦੀ ਦੇ ਗਹਿਣੇ : ਮਹੰਤ ਗੋਬਿੰਦ ਦਾਸ
ਗੱਦੀ ਸ਼ੀਆ ਦਾਸ ਮੰਦਰ ਠਾਕੁਰ ਦੁਆਰਾ ਵਡਾਲਾ ਬਾਂਗਰ ਦੇ ਗੱਦੀਨਸ਼ੀਨ ਮਹੰਤ ਗੋਬਿੰਦ ਦਾਸ ਨੇ ਦੱਸਿਆ ਕਿ ਹਿੰਦੂ ਭਾਈਚਾਰੇ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਵੱਲੋਂ ਆਪਣੇ ਵੱਡੇ-ਵਡੇਰਿਆਂ ਅਤੇ ਸੁਹਾਗਣਾਂ ਦੇ ਅੰਤਿਮ ਸਸਕਾਰ ਦੌਰਾਨ ਸੋਨੇ ਦੀਆਂ ਵਾਲੀਆਂ, ਨੱਥਾਂ, ਕੋਕੇ, ਟਾਪਸ, ਨੱਤੀਆਂ ਆਦਿ ਗਹਿਣੇ ਸਰੀਰ ਤੋਂ ਨਹੀਂ ਲਾਹੰੁਦੇ। ਇਸ ਤੋਂ ਇਲਾਵਾ ਸਸਕਾਰ ਦੌਰਾਨ ਸੋਨੇ, ਚਾਂਦੀ ਦੇ ਗਹਿਣੇ ਵੀ ਚਿਤਾ ਵਿੱਚ ਰੱਖੇ ਜਾਂਦੇ ਹਨ। ਕਈ ਲੋਕ ਰਾਖ ਅਤੇ ਅਸਥੀਆਂ ਨੂੰ ਸ਼੍ਰੀ ਹਰਿਦੁਆਰ, ਕੀਰਤਪੁਰ ਸਾਹਿਬ, ਸ਼੍ਰੀ ਕਰਤਾਰਪੁਰ ਰਾਵੀ ਦਰਿਆ ਆਦਿ ਧਾਰਮਿਕ ਅਸਥਾਨਾਂ ’ਤੇ ਪ੍ਰਵਾਹ ਕਰਦੇ ਹਨ ਅਤੇ ਕਈ ਲੋਕ ਕੇਵਲ ਅਸਥੀਆਂ ਨੂੰ ਧਾਰਮਿਕ ਅਸਥਾਨਾਂ ਅਤੇ ਰਾਖ ਨੂੰ ਚੱਲਦੇ ਪਾਣੀ ਵਿਚ ਪਰਵਾਹ ਕਰ ਦਿੰਦੇ ਹਨ।
15 ਫਰਵਰੀ ਤੱਕ ਬੰਦ ਹੈ ਅਪਰਬਾਰੀ ਦੁਆਬ ਨਹਿਰ
ਇਸ ਮੌਕੇ ਨਹਿਰੀ ਵਿਭਾਗ ਦੇ ਐੱਸਡੀਓ ਸੰਜੀਵ ਕੁਮਾਰ ਨੇ ਕਿਹਾ ਕਿ 15 ਫਰਵਰੀ ਤੱਕ ਅਪਰਬਾਰੀ ਦੁਆਬ ਨਹਿਰ ਬੰਦ ਹੈ ਅਤੇ ਝੁੱਗ-ਝੌਂਪੜੀ ਤੋਂ ਇਲਾਵਾ ਕਈ ਹੋਰ ਲੋਕਾਂ ਵੱਲੋਂ ਅਪਰਬਾਰੀ ਦੁਆਬ ਨਹਿਰ ਦੇ ਵੱਖ-ਵੱਖ ਪੁਲ਼ਾਂ ਤੋਂ ਪਰਵਾਹ ਕੀਤੀ ਰਾਖ ਅਤੇ ਸਮੱਗਰੀ ਦੀ ਸਫ਼ਾਈ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਲੋਕਾਂ ਵੱਲੋਂ ਰੇਤ ਜਾਂ ਨਹਿਰ ਦੇ ਕਿਨਾਰਿਆਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ।
Comments