15/11/2024
ਸ਼ਾਤਰ ਠੱਗਾਂ ਨੇ ਇੱਕ ਅਜਿਹਾ ਜਾਲ ਬੁਣਿਆ ਕਿ ਜਿਸ ਵਿੱਚ ਬੇਹੱਦ ਸੂਝਵਾਨ ਮਰਚੈਂਟ ਨੇਵੀ ਦਾ ਇੱਕ ਸਾਬਕਾ ਇੰਜੀਨੀਅਰ ਫਸ ਗਿਆ । 27 ਮਾਮਲੇ ਦਰਜ ਹੋਣ ਦੀ ਗੱਲ ਆਖ ਕੇ ਮੁਲਜ਼ਮਾਂ ਨੇ ਸਾਬਕਾ ਇੰਜੀਨੀਅਰ ਕੋਲੋਂ 24 ਲੱਖ 20 ਹਜ਼ਾਰ ਰੁਪਏ ਦੀ ਰਕਮ ਟਰਾਂਸਫਰ ਕਰਵਾ ਲਈ । ਸਾਬਕਾ ਇੰਜੀਨੀਅਰ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੇ ਉਸ ਨੂੰ ਕਿਸੇ ਢੰਗ ਨਾਲ ਹਿਪਨੋਟਾਈਜ਼ ਕਰ ਲਿਆ ਸੀ । ਇਸ ਮਾਮਲੇ ਵਿੱਚ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਪਿੰਡ ਰੁੜਕਾ ਦੇ ਰਹਿਣ ਵਾਲੇ ਮਰਚੈਟ ਨੇਵੀ ਦੇ ਸਾਬਕਾ ਇੰਜੀਨੀਅਰ ਹਰਬੰਸ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਠੱਗਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੂੰ ਇੱਕ ਨੰਬਰ ਤੋਂ ਫੋਨ ਆਇਆ। ਮੁਲਜ਼ਮ ਨੇ ਆਖਿਆ ਕਿ ਉਨ੍ਹਾਂ ਦੇ ਆਧਾਰ ਨੰਬਰ ਤੇ ਇੱਕ ਹੋਰ ਸਿਮ ਚੱਲ ਰਿਹਾ ਹੈ , ਜਿਸ ਉੱਪਰ ਚਾਇਲਡ ਪੋਰਨੋਗਰਾਫੀ ਅਪਲੋਡ ਕੀਤੀ ਜਾ ਰਹੀ ਹੈ। ਨੌਸਰਬਾਜਾ ਨੇ ਡਰਾਵਾ ਦਿੰਦਿਆਂ ਕਿਹਾ ਕਿ ਇਹ ਇੱਕ ਬੇਹਦ ਸੰਗੀਨ ਮਸਲਾ ਹੈ। ਉਨ੍ਹਾਂ ਆਖਿਆ ਕਿ ਜਿਸ ਨੰਬਰ ਤੋਂ ਵੀਡੀਓ ਅਪਲੋਡ ਹੁੰਦੀ ਹੈ ਉਹ ਮੁੰਬਈ ਵਿੱਚ ਚੱਲ ਰਿਹਾ ਹੈ । ਨੋਸਰਬਾਜਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਕਾਲ ਥਾਣਾ ਤਿਲਕ ਨਗਰ ਦੇ ਇੰਸਪੈਕਟਰ ਕੋਹਲੀ ਨੂੰ ਟ੍ਰਾਂਸਫਰ ਕਰ ਰਹੇ ਹਨ। ਇੰਸਪੈਕਟਰ ਬਣੇ ਠੱਗ ਨੇ ਹਰਬੰਸ ਸਿੰਘ ਨੂੰ ਕਿਹਾ ਕਿ ਉਨ੍ਹਾਂ ਉੱਪਰ ਮਨੀ ਲਾਂਡਰੀ ਸਮੇਤ ਕੁੱਲ 27 ਮੁਕੱਦਮੇ ਦਰਜ ਹਨ । ਬੇਹੱਦ ਸੂਝਵਾਨ ਹਰਬੰਸ ਸਿੰਘ ਨੇ ਆਖਿਆ ਕਿ ਜੇਕਰ ਉਨ੍ਹਾਂ 'ਤੇ ਕੇਸ ਦਰਜ ਹਨ ਤਾਂ ਉਹ ਸਾਰੇ ਮਾਮਲਿਆਂ ਦਾ ਸਾਹਮਣਾ ਕਰਨਗੇ । ਠੱਗਾਂ ਨੇ ਹਰਬੰਸ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਡਰਾਵਾ ਦਿੱਤਾ , ਇਸ 'ਤੇ ਵੀ ਜਦ ਹਰਬੰਸ ਸਿੰਘ ਝਾਂਸੇ ਵਿੱਚ ਨਹੀਂ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਨੂੰ ਵੀਡੀਓ ਕਾਲ ਕਰਨ ਲਈ ਕਿਹਾ । ਵੀਡੀਓ ਕਾਲ ਵਿੱਚ ਪੂਰਾ ਮਾਹੌਲ ਥਾਣੇ ਦਿਖਾਇਆ ਗਿਆ ਸੀ । ਇੰਸਪੈਕਟਰ ਬਣੇ ਠੱਗ ਨੇ ਕਿਹਾ ਕਿ ਉਹ ਕਿਸੇ ਵੀ ਸੀਨੀਅਰ ਸਿਟੀਜਨ ਨੂੰ ਗ੍ਰਿਫਤਾਰ ਨਹੀਂ ਕਰਦੇ , ਪਰ ਸਿਕਿਉਰਟੀ ਦੇ ਲਈ ਉਨ੍ਹਾਂ ਦੇ ਖਾਤੇ ਵਿੱਚ ਪਈ ਸਾਰੀ ਰਕਮ ਟਰਾਂਸਫਰ ਕਰ ਦਿੱਤੀ ਜਾਵੇ। ਨੌਸਰਬਾਜ ਨੇ ਆਖਿਆ ਕਿ ਜਿਵੇਂ ਹੀ ਮਾਮਲੇ ਦਾ ਨਿਪਟਾਰਾ ਹੋਵੇਗਾ ਤਾਂ ਉਨ੍ਹਾਂ ਨੂੰ ਪੈਸੇ ਵਾਪਸ ਆ ਜਾਣਗੇ । ਗੱਲਾਂ ਵਿੱਚ ਆਏ ਹਰਬੰਸ ਸਿੰਘ ਨੇ 24 ਲੱਖ 20 ਹਜ਼ਾਰ ਰੁਪਏ ਨੌਸਰਬਾਜਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ । ਮੁਲਜ਼ਮਾਂ ਨੇ ਪੈਸੇ ਜਮ੍ਹਾਂ ਹੋਣ ਦੀਆਂ ਫਰਜ਼ੀ ਰਸੀਦਾਂ ਵੀ ਭੇਜੀਆਂ । ਸ਼ਾਮ ਵੇਲੇ ਹਰਬੰਸ ਸਿੰਘ ਨੇ ਇਸ ਸਬੰਧੀ ਜਿਵੇਂ ਹੀ ਆਪਣੇ ਬੇਟੇ ਨਾਲ ਗੱਲ ਕੀਤੀ ਤਾਂ ਉਸਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ । ਇਸੇ ਦੌਰਾਨ ਹਰਬੰਸ ਸਿੰਘ ਨੂੰ ਪਤਾ ਲੱਗਾ ਕਿ ਸ਼ਹਿਰ ਵਿੱਚ ਠੱਗੀਆਂ ਦੀਆਂ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ । ਇਸ ਮਾਮਲੇ ਵਿੱਚ ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ । ਦੋ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
Comentários