26/01/2024
ਪੰਜਾਬ ’ਚ ਧੁੰਦ ਤੇ ਕੜਾਕੇ ਦੀ ਠੰਢ ਬਰਕਰਾਰ ਹੈ। ਵੀਰਵਾਰ ਨੂੰ ਦਿਨ ਵੇਲੇ ਹਲਕੀ ਧੁੱਪ ਨਿਕਲੀ, ਪਰ ਸੀਤ ਲਹਿਰ ਕਾਰਨ ਠੰਢ ਤੋਂ ਰਾਹਤ ਨਹੀਂ ਮਿਲੀ। ਨਵਾਂਸ਼ਹਿਰ ’ਚ ਘੱਟੋ-ਘੱਟ ਤਾਪਮਾਨ ਸਭ ਤੋਂ ਘੱਟ 3.4 ਡਿਗਰੀ ਸੈਲਸੀਅਸ ਰਿਹਾ, ਪਰ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ। ਗੁਰਦਾਸਪੁਰ ਦਾ ਘੱਟੋ-ਘੱਟ ਤਾਪਮਾਨ 4.0 ਤੇ ਵੱਧ ਤੋਂ ਵੱਧ ਤਾਪਮਾਨ 8.4 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਫ਼ਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਨੇ ਸ਼ੁੱਕਰਵਾਰ ਲਈ ਧੁੰਦ ਤੇ ਕੜਾਕੇ ਦੀ ਠੰਢ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਚਾਰ ਦਿਨ ਯਾਨੀ 29 ਜਨਵਰੀ ਤੱਕ ਠੰਢ ਤੇ ਧੁੰਦ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਓਧਰ ਬਰਨਾਲਾ ਦੇ ਪਿੰਡ ਪੱਖੋ ਕਲਾਂ ’ਚ ਠੰਢ ਨਾਲ ਇਕ ਛੇ ਸਾਲਾ ਬੱਚੇ ਦੇ ਮੌਤ ਹੋ ਗਈ ਹੈ। ਉਹ ਪਹਿਲੀ ਕਲਾਸ ਦਾ ਵਿਦਿਆਰਥੀ ਸੀ। ਵਿਦਿਆਰਥੀ ਕੁਲਦੀਪ ਸਿੰਘ ਪਿਛਲੇ ਕਈ ਦਿਨਾਂ ਤੋਂ ਠੰਢ ਕਾਰਨ ਬਿਮਾਰ ਚੱਲ ਰਿਹਾ ਸੀ। ਪਰਿਵਾਰਕ ਮੈਂਬਰ ਪਿੰਡ ’ਚੋਂ ਹੀ ਇਲਾਜ ਕਰਵਾਉਂਦੇ ਰਹੇ। ਵੀਰਵਾਰ ਨੂੰ ਹਾਲਤ ਖ਼ਰਾਬ ਹੋਣ ’ਤੇ ਸਿਵਲ ਹਸਪਤਾਲ ਲੈ ਗਏ, ਪੁਰ ਉੱਥੇ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਠੰਢ ਦੀਆਂ ਛੁੱਟੀਆਂ ਤੋਂ ਬਾਅਦ ਬਿਮਾਰ ਹੋਣ ਕਾਰਨ ਉਹ ਸਕੂਲ ਵੀ ਨਹੀਂ ਜਾ ਰਿਹਾ ਸੀ।
Comments