google-site-verification=ILda1dC6H-W6AIvmbNGGfu4HX55pqigU6f5bwsHOTeM
top of page

ਅੰਮ੍ਰਿਤਸਰ ’ਚ ਮਿਲਿਆ ਲਿਊਟੇਂਬੇਚਰ ਸਿੰਡ੍ਰੋਮ ਪੀੜਤ ਵਿਸ਼ਵ ਦਾ 24ਵਾਂ ਮਰੀਜ਼, ਸਿਰਫ਼ ਔਰਤਾਂ ਨੂੰ ਹੁੰਦੀ ਹੈ ਇਹ ਬਿਮਾਰੀ

26/01/2024

ਅੰਮ੍ਰਿਤਸਰ ਵਿਚ ਲਿਊਟੇਂਬੇਚਰ ਸਿੰਡ੍ਰੋਮ (Lutembercher syndrome) ਪੀੜਤ ਵਿਸ਼ਵਾ ਦਾ 24ਵਾਂ ਮਰੀਜ਼ ਰਿਪੋਰਟ ਹੋਇਆ। ਇਸ ਮਰੀਜ਼ ਦਾ ਸਫਲ ਆਪ੍ਰੇਸ਼ਨ ਕਰ ਕੇ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਇਤਿਹਾਸ ਰਚਿਆ ਹੈ। ਪੰਜਾਬ ਵਿਚ ਇਹ ਆਪ੍ਰੇਸ਼ਨ ਪਹਿਲੀ ਵਾਰ ਹੋਇਆ ਹੈ। ਵਿਸ਼ਵ ਭਰ ਵਿਚ ਹੁਣ ਤੱਕ ਇਸ ਬਿਮਾਰੀ ਤੋਂ ਪੀੜਤ ਸਿਰਫ 23 ਮਰੀਜ਼ ਰਿਪੋਰਟ ਹੋਏ ਹਨ, 24ਵਾਂ ਮਰੀਜ਼ ਅੰਮ੍ਰਿਤਸਰ ਨਾਲ ਸਬੰਧਤ ਹੈ ਤੇ ਅੰਮ੍ਰਿਤਸਰ ਵਿਚ ਹੀ ਉਸ ਦਾ ਇਲਾਜ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਬਿਮਾਰੀ ਔਰਤਾਂ ਨੂੰ ਹੀ ਹੁੰਦੀ ਹੈ ਤੇ ਅੰਮ੍ਰਿਤਸਰ ਵਿਚ ਵੀ 48 ਸਾਲਾ ਔਰਤ ਇਸ ਤੋਂ ਪੀੜਤ ਸਨ। ਔਰਤ ਦਾ ਇਲਾਜ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ (Ayushman Bharat Sehat Bima Yojana) ਤਹਿਤ ਮੁਫ਼ਤ ਹੋਇਆ ਹੈ।

ਦਰਅਸਲ ਮੈਡੀਕਲ ਕਾਲਜ ਸਥਿਤ ਕਾਰਡਿਕ ਵਿਭਾਗ ਦੇ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਮੰਗੇੜਾ ਤੇ ਉਨ੍ਹਾਂ ਦੀ ਟੀਮ ਨੇ ਤਿੰਨ ਘੰਟੇ ਦੀ ਸਰਜਰੀ ਦੇ ਬਾਅਦ ਔਰਤ ਦੀ ਜਾਨ ਬਚਾਈ ਹੈ। ਡਾ. ਮੰਗੇੜਾ ਅਨੁਸਾਰ ਲਿਊਟੇਂਬੇਚਰ ਸਿੰਡ੍ਰੋਮ ਦੀ ਸ਼ਿਕਾਰ ਕਰੋੜਾਂ ਔਰਤਾਂ ਵਿਚੋਂ ਕੋਈ ਇਕ ਹੁੰਦੀ ਹੈ। ਬਲਵਿੰਦਰ ਕੌਰ ਨਾਮ ਦੀ ਇਹ ਔਰਤ ਜਦੋਂ ਮੈਡੀਕਲ ਕਾਲਜ ਨਾਲ ਸਬੰਧਤ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਈ ਸੀ ਤਾਂ ਉਸ ਨੂੰ ਸਾਹ ਲੈਣ ਵਿਚ ਤਕਲੀਫ ਸੀ ਤੇ ਨਿਮੋਨੀਆਂ ਤੋਂ ਪੀੜਤ ਸਨ। ਧੜਕਨ ਤੇਜ਼ ਹੋ ਰਹੀ ਸੀ। ਮੈਡੀਸਨ ਵਿਭਾਗ ਦੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਮਰਜ ਸਮਝ ਨਹੀਂ ਆਇਆ। ਅਜਿਹੇ ਵਿਚ ਔਰਤ ਨੂੰ ਕਾਰਡਿਕ ਵਿਭਾਗ ਲਿਆਂਦਾ ਗਿਆ। ਇਥੇ ਈਕੋ ਕਾਰਡੀਓਗ੍ਰਾਫੀ ਜਾਂਚ ਕੀਤੀ ਤਾਂ ਸਪੱਸ਼ਟ ਹੋਇਆ ਕਿ ਔਰਤ ਏਐੱਸਡੀ (ਐਂਟ੍ਰਲ ਸੈਪਟਲ ਡਿਫੈਕਟ) ਤੇ ਮਾਈਕ੍ਰੋਮੈਕਸ ਮਾਈਟ੍ਰਲ ਸਿਨੋਨੀਮਸ ਬਿਮਾਰੀ ਤੋਂ ਪੀੜਤ ਹੈ। ਉਸ ਦੇ ਦਿਲ ਵਿਚ ਜਮਾਂਦਰੂ ਮੋਰੀ ਸੀ। ਡਾ. ਮੰਗੇੜਾ ਅਨੁਸਾਰ ਇਹ ਦੋਵੇਂ ਬਿਮਾਰੀਆਂ ਇਸ ਗੱਲ ਦਾ ਸਬੂਤ ਸੀ ਕਿ ਔਰਤ ਲਿਊਟੇਂਬੇਚਰ ਸਿੰਡ੍ਰੋਮ ਦੀ ਸ਼ਿਕਾਰ ਹੈ। ਉਨ੍ਹਾਂ ਨੇ ਇਸ ਬਿਮਾਰੀ ’ਤੇ ਖੋਜ ਕਰ ਰਹੇ ਦੇਸ਼-ਵਿਦੇਸ਼ ਦੇ ਡਾਕਟਰਾਂ ਦੇ ਖੋਜ ਪੱਤਰ ਪੜ੍ਹੇ ਸਨ। ਇਨ੍ਹਾਂ ਖੋਜ ਪੱਤਰਾਂ ਤੇ ਆਪਣੇ ਤਜਰਬੇ ਦੇ ਆਧਾਰ ’ਤੇ ਉਨ੍ਹਾਂ ਨੇ ਆਪਣੀ ਟੀਮ ਨਾਲ ਔਰਤ ਦਾ ਆਪ੍ਰੇਸ਼ਨ ਸ਼ੁਰੂ ਕੀਤਾ। ਆਪ੍ਰੇਸ਼ਨ ਵਿਚ ਪਰਕੋਟੇਨੀਅਸ ਤਕਨੀਕ ਦੀ ਵਰਤੋਂ ਕੀਤੀ ਗਈ। ਪੈਰ ਰਾਹੀਂ ਐਂਜੀਓਗ੍ਰਾਫੀ ਕੀਤੀ ਗਈ। ਸਿ ਦੇ ਬਾਅਦ ਡਾਕਟਰ ਦਿਲ ਦੇ ਮਾਈਟ੍ਰਲ ਵਾਲਵ ਤੱਕ ਪੁੱਜੇ। ਇਸ ਨੂੰ ਬਲੂਨ ਨਾਲ ਖੋਲ ਕੇ ਦਿਲ ਦੀ ਮੋਰੀ ਡਿਵਾਈਸ ਨਾਲ ਬੰਦ ਕੀਤਾ ਗਿਆ। ਆਪ੍ਰੇਸ਼ਨ ਤਿੰਨ ਘੰਟੇ ਤੱਕ ਚੱਲਿਆ।


  • ਆਯੁਸ਼ਮਾਨ ਕਾਰਡ ਬਣਿਆ ਵਰਦਾਨ

ਡਾ. ਮੰਗੇੜਾ ਅਨੁਸਾਰ ਇਹ ਬਿਮਾਰੀ ਜਮਾਂਦਰੂ ਹੁੰਦੀ ਹੈ। ਮਿਸਾਲ ਵਜੋਂ ਜਦੋਂ ਦਿਲ ਵਿਚ ਮੋਰੀ ਹੁੰਦੀ ਹੈ ਤਾਂ ਮਾਈਟ੍ਰਲ ਵਾਲਵ ਸੁੰਗੜ ਜਾਂਦਾ ਹੈ। ਇਲਾਜ ਨਾ ਕਰਵਾਉਣ ’ਤੇ ਇਹ ਲਿਊਟੇਂਬੇਚਰ ਸਿੰਡ੍ਰੋਮ ਤੱਕ ਪੁੱਜ ਜਾਂਦਾ ਹੈ। ਇਸ ਵਿਚ ਦਿਲ ਕੰਮ ਕਰਨਾ ਬਹੁਤ ਘੱਟ ਕਰ ਦਿੰਦਾ ਹੈ। ਨਿੱਜੀ ਹਸਪਤਾਲਾਂ ਵਿਚ ਇਸ ਆਪ੍ਰੇਸ਼ਨ ’ਤੇ ਸਾਢੇ ਤਿੰਨ ਤੋਂ ਚਾਰ ਲੱਖ ਰੁਪਏ ਖਰਚ ਆਉਂਦਾ ਹੈ ਪਰ ਇਸ ਔਰਤ ਦਾ ਆਯੁਸ਼ਮਾਨ ਕਾਰਡ ਰਾਹੀਂ ਮੁਫ਼ਤ ਵਿਚ ਇਲਾਜ ਹੋਇਆ ਹੈ। ਇਸ ਤੋਂ ਪਹਿਲਾਂ ਔਰਤ ਨੇ ਪੀਜੀਆਈ ਵਿਚ ਚਾਰ ਵਾਰ ਚੱਕਰ ਲਾਏ। ਉਥੋਂ ਦੇ ਡਾਕਟਰਾਂ ਨੇ ਚਾਰ ਸਾਲ ਬਾਅਦ ਦਾ ਸਮਾਂ ਦਿੱਤਾ ਸੀ।


  • 1916 ਵਿਚ ਲਿਊਟਮ ਬਾਕਰ ਨੇ ਡਾਇਗਨੋਸ ਕੀਤਾ ਸੀ ਮਰੀਜ਼

ਡਾ. ਪਰਮਿੰਦਰ ਮੁਤਾਬਿਕ ਲਿਊਟੇਂਬੇਚਰ ਸਿੰਡ੍ਰੋਮ ਦਾ ਇਹ ਦੁਨੀਆ ਦਾ 24ਵਾਂ ਮਾਮਲਾ ਹੈ। 1916 ਵਿਚ ਇਸ ਬਿਮਾਰੀ ਤੋਂ ਪੀੜਤ ਮਰੀਜ਼ ਨੂੰ ਫਰਾਂਸ ਦੇ ਲਿਊਟਮ ਬਾਕਰ ਨਾਮੀ ਵਿਗਿਆਨੀ ਨੇ ਡਾਇਗਨੋਸ ਕੀਤਾ ਸੀ। ਉਨ੍ਹਾਂ ਦੇ ਨਾਮ ’ਤੇ ਇਸ ਬਿਮਾਰੀ ਦਾ ਨਾਂ ਲਿਊਟੇਂਬੇਚਰ ਰੱਖਿਆ ਗਿਆ ਹੈ। ਉਦੋਂ ਇਸ ਬਿਮਾਰੀ ਦਾ ਇਲਾਜ ਨਹੀਂ ਸੀ, ਲਿਹਾਜ਼ਾ ਮਰੀਜ਼ ਦੀ ਮੌਤ ਹੋ ਗਈ ਸੀ। 1992 ਵਿਚ ਯੂਕੇ ਦੇ ਡਾਕਟਰ ਰਿਊਜ ਨੇ ਪਹਿਲੀ ਵਾਰ ਇਸ ਬਿਮਾਰੀ ਤੋਂ ਪੀੜਤ ਮਰੀਜ਼ ਦਾ ਆਪ੍ਰੇਸ਼ਨ ਕੀਤਾ ਸੀ।

ਡਾ. ਪਰਮਿੰਦਰ ਨੇ ਦੱਸਿਆ ਕਿ ਪੰਜਾਬ ਵਿਚ ਇਹ ਪਹਿਲਾ ਕੇਸ ਹੈ ਤੇ ਪਹਿਲੀ ਵਾਰ ਹੀ ਇਹ ਸਰਜਰੀ ਕੀਤੀ ਗਈ ਹੈ। ਬਚਪਨ ਵਿਚ ਦਿਲ ਵਿਚ ਮੋਰੀ ਹੋਣ ਦੇ ਬਾਅਦ ਰੋਮੇਟਿਕ ਫੀਵਰ ਭਾਵ ਆਮਵਤੀ ਬੁਖਾਰ ਹੁੰਦਾ ਹੈ। ਇਸ ਵਿਚ ਸਟ੍ਰੇਪ ਟੈਕੋਸ ਬੈਕਟੀਰੀਆ ਸਰੀਰ ਵਿਚ ਬਣਦਾ ਹੈ। ਇਹ ਬੈਕਟੀਰੀਆ ਗਲੇ ਵਿਚ ਚਲਾ ਜਾਂਦਾ ਹੈ ਤੇ ਇਸ ਦੇ ਬਾਅਦ ਜੋੜਾਂ ਤੇ ਦਿਲ ਨੂੰ ਪ੍ਰਭਾਵਿਤ ਕਰਦਾ ਹੈ। ਇਹ ਇੰਨਾ ਸ਼ਕਤੀਸ਼ਾਲੀ ਵਾਇਰਸ ਹੈ ਜੋ ਦਿਲ ਦੇ ਵਾਲਵ ਖਰਾਬ ਕਰ ਦਿੰਦਾ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਸਰਕਾਰੀ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਰਾਜੀਵ ਦੇਵਗਣ ਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਸਨ ਇੰਚਾਰਜ ਡਾ. ਕਰਮਜੀਤ ਸਿੰਘ ਨੇ ਵਧਾਈਆਂ ਦਿੱਤੀਆਂ।

Comments


Logo-LudhianaPlusColorChange_edited.png
bottom of page