10/11/2024
ਫੂਡ ਡਲਿਵਰੀ ਪਲੇਟਫਾਰਮ ਜ਼ੋਮੈਟੋ ਤੇ ਸਵੀਗੀ ਮੁਕਾਬਲੇ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਤੇ ਦੋਵੇਂ ਪਲੇਟਫਾਰਮ ਗ਼ਲਤ ਵਪਾਰਕ ਰਵਾਇਤਾਂ ’ਚ ਸ਼ਾਮਲ ਹਨ। ਭਾਰਤੀ ਕੰਪੀਟੀਟਵ ਕਮਿਸ਼ਨ (ਸੀਸੀਆਈ) ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ। ਸੂਤਰਾਂ ਦੇ ਅਨੁਸਾਰ, ਦੋਵੇਂ ਪਲੇਟਫਾਰਮਾਂ ਵੱਲੋਂ ਕੁਝ ਰੈਸਟੋਰੈਂਟ ਹਿੱਸੇਦਾਰਾਂ ਨੂੰ ਕਥਿਤ ਤੌਰ ’ਤੇ ਤਰਜੀਹੀ ਵਿਵਹਾਰ ਵੀ ਦਿੱਤਾ ਜਾ ਰਿਹਾ ਹੈ।
ਭਾਰਤੀ ਰਾਸ਼ਟਰੀ ਰੈਸਟੋਰੈਂਟ ਸੰਘ (ਐੱਨਆਰਏਆਈ) ਵੱਲੋਂ ਦਰਜ ਸ਼ਿਕਾਇਤਾਂ ਦੇ ਆਧਾਰ ’ਤੇ ਸੀਸੀਆਈ ਨੇ ਅਪ੍ਰੈਲ 2022 ’ਚ ਵਿਸਥਾਰਪੂਰਵਕ ਜਾਂਚ ਦਾ ਹੁਕਮ ਦਿੱਤਾ ਸੀ। ਜਾਂਚ ਰਿਪੋਰਟ ’ਚ ਇਸ ਸਾਲ ਦੀ ਸ਼ੁਰੂਆਤ ’ਚ ਸੀਸੀਆਈ ਨੂੰ ਸੌਂਪ ਦਿੱਤੀ ਗਈ। ਨਿਯਮਾਂ ਦੇ ਤਹਿਤ, ਸੀਸੀਆਈ ਦੇ ਜਨਰਲ ਡਾਇਰੈਕਟਰ ਦੀ ਰਿਪੋਰਟ ਸਬੰਧਤ ਪੱਖਾਂ ਨਾਲ ਸਾਂਝੀ ਕੀਤੀ ਗਈ ਹੈ। ਬਾਅਦ ’ਚ ਸਾਰੇ ਪੱਖਾਂ ਨੂੰ ਸੁਣਵਾਈ ਲਈ ਸੱਦਿਆ ਜਾਵੇਗਾ। ਸਾਰੇ ਪੱਖਾਂ ਦੀ ਸੁਣਵਾਈ ਤੋਂ ਬਾਅਦ ਸੀਸੀਆਈ ਆਖਰੀ ਹੁਕਮ ਦੇਵੇਗਾ। ਸੀਸੀਆਈ ਵੱਲੋਂ ਤਿਆਰ ਗੈਰ-ਜਨਤਕ ਦਸਤਾਵੇਜ਼ਾਂ ਅਨੁਸਾਰ, ਜ਼ੋਮੈਟੋ ਨੇ ਘੱਟ ਕਮੀਸ਼ਨ ਦੇ ਬਦਲੇ ਹਿੱਸੇਦਾਰਾਂ ਨਾਲ ਵਿਲੱਖਣਤਾ ਕਰਾਰ ਕੀਤੇ, ਜਦਕਿ ਸਵੀਗੀ ਨੇ ਕੁਝ ਰੈਸਟੋਰੈਂਟਾਂ ਨੂੰ ਆਪਣੇ ਪਲੇਟਫਾਰਮ ’ਤੇ ਖਾਸ ਤੌਰ ’ਤੇ ਸੂਚੀਬੱਧ ਹੋਣ ’ਤੇ ਵਪਾਰ ’ਚ ਵਾਧੇ ਦੀ ਗਾਰੰਟੀ ਦਿੱਤੀ। ਦਸਤਾਵੇਜ਼ਾਂ ਅਨੁਸਾਰ, ਸੀਸੀਆਈ ਦੀ ਜਾਂਚ ਟੀਮ ਦਾ ਮੰਨਣਾ ਹੈ ਕਿ ਸਵੀਗੀ, ਜ਼ੋਮੈਟੋ ਤੇ ਉਨ੍ਹਾਂ ਨਾਲ ਸਬੰਧਤ ਰੈਸਟੋਰੈਂਟ ਹਿੱਸੇਦਾਰਾਂ ਵਿਚਾਲੇ ਵਿਲੱਖਣਤਾ ਕਰਾਰ ਬਾਜ਼ਾਰ ਨੂੰ ਹੋਰ ਵੱਧ ਮੁਕਾਬਲੇ ਵਾਲਾ ਬਣਨ ਤੋਂ ਰੋਕਦੀ ਹੈ। ਇਸ ਰਿਪੋਰਟ ਦੇ ਸਬੰਧ ’ਚ ਸਵੀਗੀ ਨੂੰ ਈਮੇਲ ’ਤੇ ਭੇਜੇ ਗਏ ਪ੍ਰਸ਼ਨ ਦਾ ਉੱਤਰ ਨਹੀਂ ਮਿਲਿਆ, ਜਦਕਿ ਜ਼ੋਮੈਟੋ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਐੱਨਆਰਏਆਈ ਨੇ ਕਿਹਾ ਕਿ ਉਸਨੇ ਮਾਰਚ 2024 ’ਚ ਭੇਜੀ ਗਈ ਸੋਧੀ ਹੋਈ ਜਾਂਚ ਰਿਪੋਰਟ ਦੀ ਸਮੀਖਿਆ ਕੀਤੀ ਹੈ। ਐੱਨਆਰਏਆਈ ਦੇ ਪ੍ਰੈਜ਼ੀਡੈਂਟ ਸਾਹਰ ਦਰਿਆਨੀ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਸੀਸੀਆਈ 2022 ’ਚ ਚੁੱਕੇ ਗਏ ਹੋਰਨਾਂ ਮੁੱਦਿਆਂ ’ਤੇ ਵੀ ਜਾਂਚ ’ਚ ਤੇਜ਼ੀ ਲਿਆਵੇਗਾ। ਪਿਛਲੇ ਮਹੀਨੇ ਸਵੀਗੀ ਨੇ ਆਪਣੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਦੇ ਲਈ ਦਾਖ਼ਲ ਸ਼ੁਰੂਆਤੀ ਦਸਤਾਵੇਜ਼ਾਂ ’ਚ ਸੀਸੀਆਈ ਮਾਮਲੇ ਦਾ ਜ਼ਿਕਰ ਕੀਤਾ ਸੀ।
ਅਪ੍ਰੈਲ-2022 ’ਚ ਸੀਸੀਆਈਨੇ ਕੀ ਕਿਹਾ ਸੀ?
ਅਪ੍ਰੈਲ-2022 ’ਚ ਜਾਂਚ ਦਾ ਹੁਕਮ ਦਿੰਦੇ ਹੋਏ ਸੀਸੀਆਈ ਨੇ ਕਿਹਾ ਸੀ ਕਿ ਪਹਿਲੀ ਨਜ਼ਰ ’ਚ ਹਿੱਤਾਂ ਦੇ ਟਕਰਾਅ ਦੀ ਸਥਿਤੀ ਮੌਜੂਦ ਹੈ, ਜਿਸ ਕਾਰਨ ਰੈਸਟੋਰੈਂਟ ਹਿੱਸੇਦਾਰ (ਆਰਪੀ) ਤੇ ਨਿੱਜੀ ਬ੍ਰਾਂਡਾਂ/ਸੰਸਥਾਵਾਂ ਵਿਚਾਲੇ ਬਰਾਬਰ ਮੁਕਾਬਲੇ ’ਤੇ ਇਸਦੇ ਪ੍ਰਭਾਵ ਦੀ ਵਿਸਥਾਰਪੂਰਵਕ ਜਾਂਚ ਦੀ ਲੋੜ ਹੈ। ਅਪ੍ਰੈਲ 2022 ਦੇ ਹੁਕਮ ਅਨੁਸਾਰ, ਰੈਸਟੋਰੈਂਟ ਹਿੱਸੇਦਾਰਾਂ ਨੂੰ ਦਿੱਤਾ ਜਾਣ ਵਾਲਾ ਤਰਜੀਹੀ ਵਿਵਹਾਰ, ਜਿਸ ਵਿਚ ਪਲੇਟਫਾਰਮ ਦੀ ਇਕਵਿਟੀ ਜਾਂ ਮਾਲੀਆ ਦਿਲਚਸਪ ਹੈ, ਮੌਜੂਦਾ ਆਰਪੀ ਲਈ ਸਹੀ ਸ਼ਰਤਾਂ ’ਤੇ ਮੁਕਾਬਲਾ ਕਰਨ ’ਚ ਅੜਿੱਕਾ ਡਾਹੁੰਦਾ ਹੈ।
टिप्पणियां