20/02/2024
ਕੇਂਦਰ ਸਰਕਾਰ ਦੇ ਸੰਘਰਸ਼ਸ਼ੀਲ ਕਿਸਾਨਾਂ ਪ੍ਰਤੀ ਜਾਬਰ ਰਵੱਈਏ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਵੱਲੋਂ ਅੱਜ ਮੰਗਲਵਾਰ ਨੂੰ ਚੌਥੇ ਦਿਨ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ 'ਤੇ ਪੈਂਦੇ ਪਿੰਡ ਕਾਲਾਝਾੜ ਦੇ ਟੋਲ ਪਲਾਜ਼ਾ ਨੂੰ ਪਰਚੀ ਮੁਕਤ ਰੱਖਿਆ ਗਿਆ। ਅੱਜ ਦੇ ਧਰਨੇ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਮੁੱਖ ਭਾਜਪਾ ਲੀਡਰਾਂ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਸੀਨੀਅਰ ਆਗੂ ਕੇਵਲ ਢਿੱਲੋਂ ਦੇ ਘਰਾਂ ਅੱਗੇ ਦਿਨ-ਰਾਤ ਪੱਕੇ ਮੋਰਚੇ ਅਤੇ ਪੂਰੇ ਪੰਜਾਬ ਵਿੱਚ ਟੌਲ ਫ੍ਰੀ ਅੱਜ ਚੋਥੇ ਦਿਨ ਵੀ ਜਾਰੀ ਰਹੇ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਦੋ ਦਿਨਾਂ ਲਈ ਪਰਚੀ ਮੁਕਤ ਕੀਤੇ ਗਏ ਸੀ ਦੋ ਦਿਨਾਂ ਉਪਰੰਤ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਇਹ ਮੋਰਚੇ ਹੁਣ ਲਗਾਤਾਰ 22 ਫਰਵਰੀ ਤੱਕ ਜਾਰੀ ਰਹਿਣਗੇ। ਉਗਰਾਹਾਂ ਨੇ ਕਿਹਾ ਕਿ 22 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੁਹਾਲੀ ਵਿਖੇ ਹੋਣ ਵਾਲੀ ਮੀਟਿੰਗ ਦੌਰਾਨ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਮੀਤ ਪ੍ਰਧਾਨ ਜਨਕ ਸਿੰਘ ਭੂਟਾਲ, ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਹਰਜਿੰਦਰ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਜਥੇਬੰਦੀ ਦੇ ਕਲਗੀ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ 14ਵੀਂ ਬਰਸੀ 'ਤੇ ਧਰਨੇ ਵਿੱਚ ਪਹੁੰਚੇ ਸਮੂਹ ਆਗੂਆਂ ਅਤੇ ਕਿਸਾਨਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਸ਼ਹੀਦ ਤਖ਼ਤੂਪੁਰਾ ਪੰਜਾਬ ਵਿੱਚ ਕਿਸਾਨਾਂ ਮਜ਼ਦੂਰਾਂ ਦੀਆ ਜ਼ਮੀਨਾਂ ਬਚਾਉਣ ਲਈ ਹਮੇਸ਼ਾ ਡਟ ਕੇ ਖੜ੍ਹੇ ਸਨ ਜਿਸ ਤੋਂ ਤੰਗ ਆ ਕੇ ਅਕਾਲੀ ਸਰਕਾਰ ਦੇ ਗੁੰਡਿਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਆਗੂਆਂ ਨੇ ਆਖਿਆ ਕਿ ਆਗੂਆਂ ਨੂੰ ਸਰੀਰਕ ਤੌਰ 'ਤੇ ਮਾਰਿਆ ਜਾ ਸਕਦਾ ਪਰ ਲੋਕਾਂ ਦੇ ਦਿਲਾਂ 'ਚ ਉਹ ਹਮੇਸ਼ਾ ਲਈ ਜਿਉਂਦੇ ਰਹਿਣਗੇ ਅਤੇ ਉਹਨਾਂ ਨੇ ਲੋਕਾਂ ਲਈ ਬੜੀ ਘਾਲਣਾ ਘਾਲੀ ਹੈ ਜੋ ਲੋਕਾਂ ਦੇ ਦਿਲਾਂ 'ਚੋਂ ਕਦੇ ਵੀ ਭਲਾਈ ਨਹੀਂ ਜਾ ਸਕਦੀ। ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਤਿੰਨ ਮੁਖ ਭਾਜਪਾ ਲੀਡਰਾਂ ਸੂਬਾ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੇ ਸੀਨੀਅਰ ਆਗੂ ਕੇਵਲ ਢਿੱਲੋਂ ਦੇ ਘਰਾਂ ਅੱਗੇ ਦਿਨ-ਰਾਤ ਪੱਕੇ ਮੋਰਚੇ ਅਤੇ ਪੂਰੇ ਪੰਜਾਬ ਵਿੱਚ ਟੋਲ ਪਰਚੀ ਮੁਕਤ ਅੱਜ ਚੌਥੇ ਦਿਨ ਵੀ ਜਾਰੀ ਰਹੇ। ਜਥੇਬੰਦੀ ਨੇ ਟੋਲ ਬੈਰੀਅਰ ਤੋਂ ਲੰਘਣ ਵਾਲੇ ਕਿਸੇ ਵੀ ਵਾਹਨ ਦੀ ਟੋਲ ਪਰਚੀ ਨਹੀਂ ਲੱਗਣ ਦਿੱਤੀ।
ਇਸ ਮੌਕੇ ਬਲਾਕ ਦਿੜ੍ਹਬਾ ਤੋਂ ਆਗੂ ਚਰਨਜੀਤ ਸਿੰਘ ਘਨੌੜ, ਬਲਾਕ ਲਹਿਰਾਂ ਤੋਂ ਸੰਤਪੁਰਾ, ਹਰਸੇਵ ਸਿੰਘ ਲੇਹਲ ਖੁਰਦ, ਕਰਨੈਲ ਸਿੰਘ ਗਨੋਟਾ, ਬਲਵਿੰਦਰ ਸਿੰਘ ਘਨੌੜ ਜੱਟਾਂ, ਗੁਰਚੇਤ ਸਿੰਘ, ਕਸ਼ਮੀਰ ਸਿੰਘ, ਅਮਨਦੀਪ ਸਿੰਘ, ਕਰਮ ਚੰਦ ਪੰਨਵਾਂ, ਜਸਵਿੰਦਰ ਕੌਰ ਮਹਿਲਾਂ, ਕਰਮਜੀਤ ਕੌਰ ਭਿੰਡਰਾਂ, ਕੁਲਦੀਪ ਸਿੰਘ ਬਖੋਪੀਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਸਾਡੀਆਂ ਮਾਵਾਂ ਭੈਣਾਂ ਸ਼ਾਮਲ ਹੋਈਆਂ।
Comments