08/11/2024
ਵਿੱਤ ਵਿਭਾਗ ਪੰਜਾਬ ਨੇ ਸੂਬੇ ਦੇ ਪੈਨਸ਼ਨਰਾਂ ਖਾਸ ਕਰਕੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸਾਂ ਵਲੋਂ ਪ੍ਰਾਪਤ ਕੀਤੀ ਜਾ ਰਹੀ ਫੈਮਿਲੀ ਪੈਨਸ਼ਨ ਦੇ ਲਾਭਪਾਤਰੀਆਂ ਦੀ ਫਿਜ਼ੀਕਲ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸ ਖਾਸ ਕਰਕੇ ਲੜਕੀਆਂ ਵਿਆਹ ਕਰਵਾਉਣ ਤੋਂ ਬਾਅਦ ਵੀ ਫੈਮਿਲੀ ਪੈਨਸ਼ਨ ਪ੍ਰਾਪਤ ਕਰ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਵਿੱਤ ਵਿਭਾਗ ਅਤੇ ਵੱਖ ਵੱਖ ਵਿਭਾਗਾਂ ਦੇ ਕੋਲ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਬਾਰੇ ਕੋਈ ਡਾਟਾ ਨਹੀਂ ਹੈ। ਪਿਛਲੇ ਦਿਨੀਂ ਵਿੱਤ ਵਿਭਾਗ ਵਲੋਂ ਆਰਥਿਕ ਸ੍ਰੋਤ ਪੈਦਾ ਕਰਨ ਅਤੇ ਵਾਧੂ ਖ਼ਰਚ ਘਟਾਉਣ ਲਈ ਕੀਤੀ ਗਈ ਮੀਟਿੰਗ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ।
ਵਿੱਤ ਵਿਭਾਗ ਨੇ ਸੂਬੇ ਦੇ ਵੱਖ-ਵੱਖ ਬੈਕਾਂ ਨੂੰ, ਜਿਨ੍ਹਾਂ ਰਾਹੀ ਪੈਨਸ਼ਨਰਾਂ ਦੇ ਖਾਤੇ ਵਿਚ ਪੈਨਸ਼ਨ ਜਾ ਰਹੀ ਹੈ, ਨੂੰ ਲਾਭਪਾਤਰੀਆਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਹਨ। ਵਿੱਤ ਵਿਭਾਗ ਦੇ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਪੈਨਸ਼ਨਰ ਗ਼ਲਤ ਢੰਗ ਨਾਲ ਪੈਨਸ਼ਨ ਲੈਂਦਾ ਫੜਿਆ ਗਿਆ ਤਾਂ ਨਾ ਸਿਰਫ਼ ਉਸ ਤੋਂ ਰਕਮ ਵਸੂਲੀ ਜਾਵੇਗੀ ਬਲਕਿ ਫ਼ੌਜਦਾਰੀ ਕੇਸ ਵੀ ਦਰਜ ਕਰਵਾਇਆ ਜਾਵੇਗਾ।
ਸੂਬਾ ਸਰਕਾਰ ਭਾਰੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਨਵੇਂ ਆਰਥਿਕ ਵਸੀਲੇ ਪੈਦਾ ਕਰਨ ਅਤੇ ਖ਼ਰਚ ਘਟਾਉਣ ਲਈ ਪੰਜਾਬ ਸਰਕਾਰ ਨੇ ਆਰਥਿਕ ਮਾਮਲਿਆਂ ਦੇ ਮਾਹਿਰ ਅਰਵਿੰਦ ਮੋਦੀ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ। ਜੋ ਲਗਾਤਾਰ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਪਤਾ ਲੱਗਾ ਹੈ ਕਿ ਪਿਛਲੇ ਦਿਨ ਮੀਟਿੰਗ ਦੌਰਾਨ ਜਦੋਂ ਸੂਬੇ ਦੇ ਸਾਢੇ ਤਿੰਨ ਲੱਖ ਦੇ ਕਰੀਬ ਪੈਨਸ਼ਨਰਾਂ ਬਾਰੇ ਚਰਚਾ ਹੋਈ ਤਾਂ ਵਿਭਾਗ ਕੋਲ ਕੋਈ ਡਾਟਾ ਨਹੀਂ ਸੀ, ਪਰ ਦਹਾਕਿਆਂ ਤੋਂ ਪੈਨਸ਼ਨਰਾਂ ਦੇ ਖਾਤੇ ਵਿਚ ਪੈਨਸ਼ਨ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਬੈਠਕ ਵਿਚ ਚਰਚਾ ਹੋਈ ਕਿ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਤੰਦਰੁਸਤ ਵਿਅਕਤੀ ਦੀ ਔਸਤਨ ਉਮਰ 74 ਸਾਲ ਅਤੇ ਮਹਿਲਾ ਦੀ ਉਮਰ 78 ਸਾਲ ਮੰਨੀ ਗਈ ਹੈ। ਵਿਭਾਗੀ ਅਧਿਕਾਰੀ ਇਸ ਗੱਲੋਂ ਹੈਰਾਨ ਹਨ ਕਿ ਕਰੀਬ ਦੋ ਤਿੰਨ ਦਹਾਕੇ ਪਹਿਲਾਂ 58 ਜਾਂ 60 ਸਾਲ ਦੀ ਉਮਰ ਵਿਚ ਨੌਕਰੀ ਤੋਂ ਸੇਵਾਮੁਕਤ ਹੋਏ ਲੱਖਾਂ ਕਰਮਚਾਰੀਆਂ ਦੇ ਖਾਤੇ ਵਿਚ ਲਗਾਤਾਰ ਪੈਨਸ਼ਨ ਜਾ ਰਹੀ ਹੈ। ਵਿਭਾਗ ਲਈ ਇਹ ਅੰਕੜੇ ਹੈਰਾਨ ਕਰਨ ਵਾਲੇ ਸਨ।
ਜਾਣਕਾਰੀ ਅਨੁਸਾਰ ਕਿਸੇ ਕਰਮਚਾਰੀ ਦੀ ਮੌਤ ਹੋਣ ’ਤੇ ਫੈਮਿਲੀ ਪੈਨਸ਼ਨ ਦੇ ਨਿਯਮਾਂ ਤਹਿਤ ਉਸ ਦੇ ਵਾਰਿਸ (ਪਤੀ-ਪਤਨੀ) ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਨਿਯਮਾਂ ਅਨੁਸਾਰ ਮੁਲਾਜ਼ਮ ਦੀ ਪਤਨੀ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਵਾਰਿਸ ਲੜਕੀ ਨੂੰ 30 ਸਾਲ ਦੀ ਉਮਰ ਤੱਕ, ਕੁਆਰੀ ਹੋਣ ਦੀ ਸੂਰਤ ਵਿਚ ਪੈਨਸ਼ਨ ਮਿਲਦੀ ਹੈ, ਪਰ ਇਹ ਧਿਆਨ ਵਿਚ ਆਇਆ ਹੈ ਕਿ ਕਿਸੇ ਵੀ ਲੜਕੀ ਨੇ ਵਿਆਹ ਹੋਣ ਜਾਂ ਨਾ ਹੋਣ ਬਾਰੇ ਕੋਈ ਸੂਚਨਾ ਨਹੀਂ ਦਿੱਤੀ। ਵਿਭਾਗੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਲੜਕੀਆਂ ਵਿਆਹੀਆਂ ਜਾਣ ਤੋਂ ਬਾਅਦ ਵੀ ਪੈਨਸ਼ਨ ਲੈ ਰਹੀਆਂ ਹਨ। ਇਨ੍ਹਾਂ ਪੈਨਸ਼ਨਰਾਂ ਦਾ ਵਿਭਾਗ ਨੇ ਆਡਿਟ ਤੇ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਹਨ। ਵਿੱਤ ਵਿਭਾਗ ਨੂੰ ਉਮੀਦ ਹੈ ਕਿ ਜਾਅਲਸਾਜ਼ੀ ਢੰਗ ਨਾਲ ਪੈਨਸ਼ਨ ਲੈਣ ਵਾਲੇ ਵੱਡੀ ਗਿਣਤੀ ਵਿਚ ਫੜੇ ਜਾਣਗੇ ਤਾਂ ਇਨ੍ਹਾਂ ਤੋਂ ਰਿਕਵਰੀ ਦੇ ਨਾਲ-ਨਾਲ ਇਨ੍ਹਾਂ ’ਤੇ ਫ਼ੌਜਦਾਰੀ ਕੇਸ ਵੀ ਦਰਜ ਕਰਵਾਏ ਜਾਣਗੇ।
Comments