14/01/2024
ਪੰਜਾਬੀ ਯੂਨੀਵਰਸਿਟੀ ਤੋਂ ਦੂਰਵਰਤੀ ਵਿਧੀ ਰਾਹੀਂ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀ ਹੁਣ ਆਪਣੇ ਦਾਖ਼ਲੇ ਸੰਬੰਧੀ ਸਾਲ ਵਿੱਚ ਦੋ ਵਾਰ ਮੌਕਾ ਪ੍ਰਾਪਤ ਕਰ ਸਕਣਗੇ। ਯੂਨੀਵਰਸਿਟੀ ਦਾ ‘ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ’, ਜਿਸ ਨੂੰ ਕਿ ਪਹਿਲਾਂ ਦੂਰਵਰਤੀ (ਡਿਸਟੈਂਸ) ਸਿੱਖਿਆ ਵਿਭਾਗ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਹੁਣ ਤੋਂ ਵੱਖ-ਵੱਖ ਕੋਰਸਾਂ ਦੇ ਹਿਸਾਬ ਨਾਲ਼ ਸਾਲ ਵਿੱਚ ਦੋ ਵਾਰ ਦਾਖ਼ਲੇ ਦੀ ਪੇਸ਼ਕਸ਼ ਕਰੇਗਾ। ਸੈਂਟਰ ਦੇ ਡਾਇਰੈਕਟਰ ਡਾ. ਹਰਵਿੰਦਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਵਿਦਿਆਰਥੀਆਂ ਲਈ ਹਰੇਕ ਸਾਲ ਜਨਵਰੀ ਅਤੇ ਜੁਲਾਈ ਮਹੀਨੇ ਦੌਰਾਨ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲੇ ਦਾ ਮੌਕਾ ਉਪਲਬਧ ਹੋਵੇਗਾ।
ਜ਼ਿਕਰਯੋਗ ਹੈ ਕਿ ਇਸੇ ਫ਼ੈਸਲੇ ਦੀ ਲੋਅ ਵਿੱਚ ਹੁਣ ਜਨਵਰੀ 2024 ਸਬੰਧੀ ਦਾਖ਼ਲਿਆਂ ਦਾ ਪ੍ਰਾਸਪੈਕਟਸ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਜਾਰੀ ਕਰ ਕੀਤਾ ਗਿਆ। ਪ੍ਰਾਸਪੈਕਟਸ ਅਨੁਸਾਰ ਬੀਏ, ਬੀਕਾਮ,ਬੀ ਲਿਬ, ਐੱਮਏ (ਅੰਗਰੇਜ਼ੀ), ਐੱਮਏ (ਐਜੂਕੇਸ਼ਨ), ਐੱਮਏ (ਪੱਤਰਕਾਰਤਾ ਅਤੇ ਜਨ ਸੰਚਾਰ) ਅਤੇ ਐੱਮਬੀਏ ਵਿੱਚ ਦਾਖ਼ਲਾ ਲਿਆ ਜਾ ਸਕਦਾ ਹੈ। ਇਨ੍ਹਾਂ ਕੋਰਸਾਂ ਦੇ ਚਾਹਵਾਨ ਉਮੀਦਵਾਰ ਆਫ਼ਲਾਈਨ ਅਤੇ ਆਨਲਾਈਨ ਮੋਡ ਰਾਹੀਂ ਦਾਖ਼ਲੇ ਲਈ ਅਰਜ਼ੀ ਦੇ ਸਕਦੇ ਹਨ। ਇਸ ਸੰਬੰਧੀ ਫ਼ੀਸ ਬੈਂਕ ਵਿੱਚ ਆਨਲਾਈਨ (ਐੱਸਬੀਆਈ ਕੁਲੈਕਟ ਰਾਹੀਂ) ਅਤੇ ਆਫ਼ਲਾਈਨ (ਕੋਰ ਬੈਂਕਿੰਗ ਸਲਿੱਪ ਰਾਹੀਂ ਬੈਂਕ ਵਿੱਚ) ਜਮ੍ਹਾਂ ਕਰਵਾਈ ਜਾ ਸਕਦੀ ਹੈ। ਕੋਰ ਬੈਂਕਿੰਗ ਸਲਿੱਪ ਕੇਂਦਰ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਹੋਰ ਵਧੇਰੇ ਜਾਣਕਾਰੀ ਵੀ ਕੇਂਦਰ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Comments