google-site-verification=ILda1dC6H-W6AIvmbNGGfu4HX55pqigU6f5bwsHOTeM
top of page

ਲੁਧਿਆਣਾ ਕਮਿਸ਼ਨਰੇਟ ਪੁਲਿਸ ਵਲੋਂ ਐਮਰਜੈਂਸੀ ਹਾਲਾਤਾਂ 'ਚ ਲੋਕਾਂ ਦੀ ਮਦਦ ਲਈ ਕੇਅਰ ਸਟੇਸ਼ਨਾਂ ਦੀ ਸ਼ੁਰੂਆਤ

ਲੁਧਿਆਣਾ, 11 ਅਕਤੂਬਰ

ਨਿਵੇਕਲੀ ਪਹਿਲਕਦਮੀ ਕਰਦਿਆਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਲੋਂ ਕੇਅਰ ਸਟੇਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦੇ ਤਹਿਤ ਐਮਰਜੈਂਸੀ ਦੌਰਾਨ ਕੋਈ ਵੀ ਵਿਅਕਤੀ ਸਿਰਫ ਇੱਕ ਬਟਨ ਦਬਾ ਕੇ ਮਦਦ ਲਈ ਗੁਹਾਰ ਲਗਾ ਸਕਦਾ ਹੈ। ਸਥਾਨਕ ਸਰਾਭਾ ਨਗਰ ਮਾਰਕੀਟ ਵਿਖੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਉਦੇਸ਼ ਸੇਫ ਸਿਟੀ ਪ੍ਰੋਜੈਕਟ ਤਹਿਤ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਦੌਰਾਨ ਲੋਕਾਂ ਦੀ ਸੇਵਾ ਕਰਨਾ ਹੈ।


ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਰਾਜ ਵਿੱਚ ਸਾਡੇ ਨਾਗਰਿਕਾਂ ਲਈ ਆਪਣੀ ਕਿਸਮ ਦਾ ਇਹ ਪਹਿਲਾ ਪ੍ਰੋਜੈਕਟ ਹੈ ਜੋ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਸਾਡੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ। ਹਰੇਕ ਸਟੇਸ਼ਨ ਨੂੰ ਆਈ.ਸੀ.ਸੀ.ਸੀ. (ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ), ਸ਼ਹਿਰ ਭਰ ਵਿੱਚ ਸੀ.ਸੀ.ਟੀ.ਵੀ. ਦੀ ਨਿਗਰਾਨੀ, 112 ਹੈਲਪਲਾਈਨ ਮਕੈਨਿਜ਼ਮ, ਪੁਲਿਸ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ (ਈ.ਆਰ.ਐਸ.ਐਸ.) ਅਤੇ ਟ੍ਰੈਫਿਕ ਬੁਨਿਆਦੀ ਢਾਂਚੇ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਪੜਾਅ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ 10 ਕੇਅਰ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚ ਭੀੜ-ਭੜੱਕੇ ਵਾਲੇ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਸਥਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮੌਜੂਦਾ ਅਤੇ ਭਵਿੱਖ ਦੀ ਲੋੜ ਅਨੁਸਾਰ ਵਧਾਇਆ ਜਾਵੇਗਾ।


ਇਹ ਕੇਅਰ ਸਟੇਸ਼ਨ ਦੋ-ਪੱਖੀ ਸੰਚਾਰ ਨੂੰ ਸਮਰੱਥ ਬਣਾਉਂਦੇ ਹਨ ਜਿਸ ਨਾਲ ਐਮਰਜੈਂਸੀ ਦੌਰਾਨ ਪੁਲਿਸ ਸਟੇਸ਼ਨਾਂ ਵੱਲ ਜਾਣ ਦਾ ਰੁਝਾਨ ਵੀ ਘਟੇਗਾ। ਵਧੇਰੇ ਜਾਣਕਾਰੀ ਦਿੰਦੇ ਹੋਏ, ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਸ ਵਿੱਚ ਇਨਬਿਲਟ ਪੀ.ਏ. ਸਿਸਟਮ ਹੈ ਜਿਸਦੀ ਵਰਤੋਂ ਮਹੱਤਵਪੂਰਨ ਘਟਨਾਵਾਂ ਬਾਰੇ ਜਨਤਾ ਨੂੰ ਸੂਚਿਤ ਕਰਨ ਅਤੇ ਜਾਗਰੂਕ ਕਰਨ, ਆਵਾਜਾਈ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਅਤੇ ਸੰਕਟ ਦੀਆਂ ਸਥਿਤੀਆਂ ਵਿੱਚ ਮਹੱਤਵਪੂਰਨ ਜਾਣਕਾਰੀ ਨੂੰ ਰੀਲੇਅ ਕਰਨ ਲਈ ਵਰਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਸਨੈਚਿੰਗ, ਵਾਹਨ ਚੋਰੀ, ਈਵ ਟੀਜ਼ਿੰਗ, ਪਿੱਛਾ ਕਰਨਾ ਆਦਿ ਵਰਗੇ ਸੰਵੇਦਨਸ਼ੀਲ ਅਪਰਾਧਾਂ ਵਿਰੁੱਧ ਰੀਅਲ ਟਾਈਮ ਲੋਕੇਸ਼ਨ ਅਧਾਰਤ ਅਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਇੱਕ ਵਿਸ਼ਵ-ਵਿਆਪੀ ਸ਼ਹਿਰ ਹੈ ਜਿਸ ਵਿੱਚ ਵੱਡੀ ਕਿਰਤੀ ਆਬਾਦੀ, ਵਿਦੇਸ਼ੀ ਸੈਲਾਨੀ, ਦੇਸ਼ ਭਰ ਦੇ ਪ੍ਰਵਾਸੀ, ਸਥਾਨਕ ਜਾਣ-ਪਛਾਣ ਵਾਲੇ ਮੁਸ਼ਕਿਲ ਹਾਲਾਤਾਂ ਵਿੱਚ ਇਹਨਾਂ ਸਟੇਸ਼ਨਾਂ ਦੀ ਵਰਤੋਂ ਕਰ ਸਕਦੇ ਹਨ। ਇਹ ਜਨਤਾ ਤੋਂ ਸਿੱਧੀ ਜਾਣਕਾਰੀ ਇਕੱਠੀ ਕਰਨ ਲਈ ਇੱਕ ਵਾਧੂ ਪਲੇਟਫਾਰਮ ਵੀ ਪ੍ਰਦਾਨ ਕਰਦਾ ਹੈ।

ਕੇਅਰ ਸਟੇਸ਼ਨ ਦੀ ਕਾਰਜ਼ਸ਼ੀਲਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਮੁਸੀਬਤ ਵੇਲੇ ਸਭ ਤੋਂ ਪਹਿਲਾਂ ਕੇਅਰ ਸਟੇਸ਼ਨ ਵਿੱਚ ਬਟਨ ਦਬਾਏਗਾ, ਇਸ ਤੋਂ ਬਾਅਦ, ਕਾਲਰ ਆਪਰੇਟਰ ਨਾਲ ਜੁੜ ਜਾਵੇਗਾ ਜੋ ਕਾਲਰ ਦੀ ਲਾਈਵ ਫੁਟੇਜ ਅਤੇ ਮੌਜੂਦਾ ਸਥਿਤੀ ਦੇਖ ਸਕਦਾ ਹੈ। ਫਿਰ, ਕਾਲਰ ਆਪਣੀ ਸਮੱਸਿਆ ਆਪਰੇਟਰ ਨੂੰ ਦੱਸੇਗਾ ਜਿਸਦੇ ਵਲੋਂ ਫਿਰ ਨਜ਼ਦੀਕੀ ਪੀ.ਸੀ.ਆਰ. ਵਾਹਨ ਨੂੰ ਕਾਲਰ ਤੱਕ ਪਹੁੰਚਣ ਲਈ ਨਿਰਦੇਸ਼ ਦਿੱਤਾ ਜਾਵੇਗਾ। ਸਥਿਤੀ ਦਾ ਪਤਾ ਲਗਾਉਣ ਅਤੇ ਉਸ ਅਨੁਸਾਰ ਜਵਾਬੀ ਕਾਰਵਾਈ ਲਈ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਐਸ.ਐਚ.ਓ ਨੂੰ ਵੀ ਸੂਚਨਾ ਦਿੱਤੀ ਜਾਵੇਗੀ। ਪੀ.ਸੀ.ਆਰ. ਕਾਲਰ ਤੱਕ ਪਹੁੰਚ ਕਰੇਗੀ ਅਤੇ ਸਥਿਤੀ ਦੇ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਮੇਂ ਸਿਰ ਕਾਰਵਾਈ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਪੂਰੇ ਘਟਨਾਕ੍ਰਮ ਨੂੰ ਸੀ.ਸੀ.ਟੀ.ਵੀ. ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਕੇਅਰ ਸਟੇਸ਼ਨਾਂ ਵਿੱਚ ਘੁਮਾਰ ਮੰਡੀ, ਘੰਟਾ ਘਰ, ਬੱਸ ਅੱਡਾ, ਸਰਾਭਾ ਨਗਰ ਮਾਰਕੀਟ, ਫਿਰੋਜ਼ ਗਾਂਧੀ ਮਾਰਕੀਟ, ਟਿਊਸ਼ਨ ਮਾਰਕੀਟ, ਮਾਡਲ ਟਾਊਨ, ਗਿੱਲ ਚੌਕ, ਭੁਰੀਵਾਲਾ ਗੁਰਦੁਆਰਾ ਸਾਹਿਬ, ਹੈਬੋਵਾਲ, ਜਲੰਧਰ ਬਾਈਪਾਸ ਬੱਸ ਸਟਾਪ ਅਤੇ ਸਮਰਾਲਾ ਚੋਂਕ ਸ਼ਾਮਲ ਹਨ। ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚ ਇਸ ਮੈਗਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੁਲਿਸ ਵਿਭਾਗ ਦਾ ਸਾਥ ਦੇਣ।

Comentarios


Logo-LudhianaPlusColorChange_edited.png
bottom of page