28 ਅਕਤੂਬਰ
ਵਿਜੀਲੈਂਸ ਬਿਊਰੋ ਬਠਿੰਡਾ ਨੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਨੂੰ ਦੂਜੀ ਵਾਰ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ ਪਲਾਟ ਖਰੀਦ ਮਾਮਲੇ ਵਿੱਚ ਆਉਣ ਵਾਲੇ ਮੰਗਲਵਾਰ ਯਾਨੀ 31 ਅਕਤੂਬਰ ਨੂੰ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੇ ਦਫ਼ਤਰ ਵਿੱਚ ਪੁੱਛਗਿੱਛ ਲਈ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ। ਵਿਜੀਲੈਂਸ ਬਿਊਰੋ ਵੱਲੋਂ ਇਸ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਵੀ 23 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ।
ਜ਼ਿਕਰਕਰ ਦਈਏ ਕਿ ਵਿਜੀਲੈਂਸ ਨੇ ਸੰਮਨ ਜਾਰੀ ਕਰਕੇ ਮਨਪ੍ਰੀਤ ਬਾਦਲ ਨੂੰ ਸੋਮਵਾਰ 23 ਅਕਤੂਬਰ ਨੂੰ ਸਵੇਰੇ 10.30 ਵਜੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੇ ਦਫ਼ਤਰ ਵਿਚ ਹਾਜ਼ਰ ਹੋਣ ਲਈ ਕਿਹਾ ਸੀ ਅਤੇ ਉਸ ਦਿਨ ਉਨ੍ਹਾਂ ਦੇ ਵਕੀਲ ਨੇ ਮੈਡੀਕਲ ਸਰਟੀਫਿਕੇਟ ਪੇਸ਼ ਕਰਕੇ ਪਿਛਲੇ 10 ਦਿਨਾਂ ਤੋਂ ਪਿੱਠ ਦਰਦ ਕਾਰਨ ਉਨ੍ਹਾਂ ਦੀ ਨਿੱਜੀ ਪੇਸ਼ੀ ਤੋਂ ਛੋਟ ਮੰਗੀ।
ਜ਼ਿਕਰਯੋਗ ਹੈ ਕਿ 23 ਸਤੰਬਰ ਨੂੰ ਵਿਜੀਲੈਂਸ ਨੇ ਪਲਾਟ ਖਰੀਦ ਮਾਮਲੇ ਵਿਚ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੀਸੀਐਸ ਅਧਿਕਾਰੀ ਵਿਕਰਮਜੀਤ ਸਿੰਘ ਸ਼ੇਰਗਿੱਲ, ਅਸਟੇਟ ਅਫ਼ਸਰ ਪੰਕਜ ਕਾਲੀਆ ਸਮੇਤ ਛੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਲਾਟ ਵਿੱਚ ਘੋਟਾਲੇ ਵਿੱਚ ਹੋਰ ਅਹਿਮ ਤੱਥ ਸਾਹਮਣੇ ਆਉਣ ਕਾਰਨ ਮਨਪ੍ਰੀਤ ਸਿੰਘ ਬਾਦਲ ਤੋਂ ਪੁੱਛਗਿੱਛ ਕਰਨੀ ਬਹੁਤ ਜਰੂਰੀ ਹੈ ਭਾਵੇਂ ਅਦਾਲਤ ਨੇ ਜ਼ਮਾਨਤ ਦੇਕੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਉਨ੍ਹਾਂ ਦਾ ਪਾਸਪੋਰਟ ਵੀ ਜਮ੍ਹਾ ਕਰਵਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ 24 ਸਤੰਬਰ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਨੇ ਮਨਪ੍ਰੀਤ ਬਾਦਲ ਸਮੇਤ ਅੱਧੀ ਦਰਜਨ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
Comments