google-site-verification=ILda1dC6H-W6AIvmbNGGfu4HX55pqigU6f5bwsHOTeM
top of page

ਵਿਧਾਇਕ ਭੋਲਾ ਗਰੇਵਾਲ ਦੀ ਪਹਿਲਕਦਮੀ ਸਦਕਾ ਬੇਸਹਾਰਾ ਪਸ਼ੂਆਂ ਨੂੰ ਮਿਲਿਆ ਰਹਿਣ ਬਸੇਰਾ

6 ਅਕਤੂਬਰ

ਸ਼ਹਿਰ ਵਾਸੀਆਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਲਈ ਪਹਿਲਕਦਮੀ ਕਰਦਿਆਂ ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਵਲੋਂ ਐਨੀਮਲ ਲਵਰ ਸੋਸਾਇਟੀ ਨਾਲ ਰਾਬਤ ਕਰਕੇ ਸਥਾਨਕ ਤਾਜਪੁਰ ਰੋਡ ਵਿਖੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਸੋਸਾਇਟੀ ਮੈਂਬਰਾਂ ਨੂੰ ਸਪੁਰਦ ਕੀਤਾ ਗਿਆ ਜਿੱਥੇ ਉਨ੍ਹਾਂ ਵਲੋਂ ਪਸ਼ੂਆਂ ਦੀ ਸੁਚੱਜੇ ਢੰਗ ਨਾਲ ਸੇਵਾ ਕੀਤਾ ਜਾਵੇਗੀ।


ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵੱਖ-ਵੱਖ ਇਲਾਕਿਆਂ ਵਿੱਚ ਡੇਅਰੀਆਂ ਵਾਲਿਆਂ ਵੱਲੋਂ ਛੱਡੇ ਗਏ ਪਸ਼ੂ ਜਿਨ੍ਹਾਂ ਵਿੱਚ ਜਿਆਦਾਤਰ ਗਿਣਤੀ ਗਾਵਾਂ ਦੀ ਦੇਖਣ ਨੂੰ ਮਿਲਦੀ ਹੈ, ਸੜਕਾਂ ਤੇ ਆਮ ਹੀ ਵੱਡੀ ਗਿਣਤੀ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ। ਇਹਨਾਂ ਬੇਸਹਾਰਾ ਪਸ਼ੂਆਂ ਕਾਰਨ ਜਿੱਥੇ ਵੱਡੇ ਸੜਕੀ ਹਾਦਸੇ ਵਾਪਰਦੇ ਹਨ ਉੱਥੇ ਕਈ ਵਾਰ ਰਾਹਗੀਰਾਂ ਨੂੰ ਗੰਭੀਰ ਸੱਟਾਂ ਦੇ ਨਾਲ-ਨਾਲ ਆਪਣੀਆਂ ਕੀਮਤੀ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਹਨ।


ਇਨ੍ਹਾਂ ਬੇਸਹਾਰਾ ਘੁੰਮਦੇ ਪਸ਼ੂਆਂ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਵੱਲੋਂ ਇਹਨਾਂ ਦੀ ਦੇਖਭਾਲ ਨੂੰ ਲੈ ਕੇ ਕਈ ਤਰ੍ਹਾਂ ਦੀ ਬਿਆਨਬਾਜੀ ਤਾਂ ਜਰੂਰ ਸੁਣਨ ਨੂੰ ਮਿਲਦੀ ਆ ਰਹੀ ਪਰ ਕਿਸੇ ਨੇ ਵੀ ਇੰਨ੍ਹਾਂ ਦੀ ਦੇਖਭਾਲ ਲਈ ਕੋਈ ਪਹਿਲਕਦਮੀ ਨਹੀਂ ਕੀਤੀ।


ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਪਹਿਲਾ ਫਰਜ਼ ਹੈ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਕਈ ਵਾਰ ਸੜਕ ਤੇ ਘੁੰਮ ਰਹੇ ਇਹਨਾਂ ਬੇਸਹਾਰਾ ਪਸ਼ੂਆਂ ਸਬੰਧੀ ਗੱਲਬਾਤ ਕੀਤੀ ਗਈ, ਕਿਉਂਕਿ ਤਾਜਪੁਰ ਰੋਡ 'ਤੇ ਰਾਹਗੀਰਾਂ ਦੀ ਆਵਾਜਾਈ ਬਹੁਤ ਜਿਆਦਾ ਹੈ, ਕਈ ਵਾਰ ਇਹਨਾਂ ਅਵਾਰਾ ਪਸ਼ੂਆਂ ਕਾਰਨ ਕਈ ਸੜਕੀ ਹਾਦਸੇ ਵੀ ਵਾਪਰੇ, ਸੋ ਇਹਨਾਂ ਸਾਰੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਐਨੀਮਲ ਲਵਰ ਸੋਸਾਇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਸੜਕਾਂ 'ਤੇ ਜਿੰਨੇ ਵੀ ਬੇਸਹਾਰਾ ਪਸ਼ੂ ਜਾ ਗਾਵਾਂ ਘੁੰਮਦੀਆਂ ਹਨ, ਉਨ੍ਹਾਂ ਨੂੰ ਉਹ ਆਪਣੀ ਗਊਸ਼ਾਲਾ ਲੋਪੋਕੇ ਵਿਖੇ ਲੈ ਜਾਣਗੇ।


ਵਿਧਾਇਕ ਗਰੇਵਾਲ ਨੇ ਸੋਸਾਇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਅੱਜ ਤੋਂ ਇਸ ਮੁਹਿੰਮ ਤਹਿਤ ਸੜਕਾਂ 'ਤੇ ਘੁੰਮ ਰਹੀਆਂ ਗਾਵਾਂ ਨੂੰ ਆਪਣੀ ਗਊਸ਼ਾਲਾ ਵਿਖੇ ਸ਼ਿਫਟ ਕੀਤਾ ਹੈ। ਉਹਨਾਂ ਡੇਅਰੀ ਮਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਆਪਣੇ ਪਸ਼ੂਆਂ ਨੂੰ ਇਸ ਤਰ੍ਹਾਂ ਸੜਕਾਂ 'ਤੇ ਨਾ ਛੱਡਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੜਕੀ ਹਾਦਸਿਆਂ ਤੋਂ ਬਚਾਇਆ ਜਾ ਸਕੇ।


ਉਹਨਾਂ ਕਿਹਾ ਕਿ ਜਲਦ ਹੀ ਡੇਅਰੀ ਮਾਲਕਾਂ ਨਾਲ ਇਸ ਸਬੰਧ ਵਿੱਚ ਇਕ਼ ਮੀਟਿੰਗ ਰੱਖੀ ਜਾਵੇਗੀ ਅਤੇ ਉਹਨਾਂ ਨੂੰ ਇੱਕ ਚੰਗੇ ਸ਼ਹਿਰਵਾਸੀ ਹੋਣ ਦਾ ਫਰਜ ਯਾਦ ਕਰਵਾਇਆ ਜਾਵੇਗਾ, ਉਹਨਾਂ ਕਿਹਾ ਕਿ ਜੇ ਉਹਨਾਂ ਬੇਨਤੀ ਨਹੀਂ ਮੰਨੀ ਤਾਂ ਡੇਅਰੀ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ 'ਤੇ ਪਾਰਟੀ ਵਰਕਰ ਅਤੇ ਸੋਸਾਇਟੀ ਮੈਂਬਰ ਵੀ ਹਾਜਰ ਸਨ।

Comments


Logo-LudhianaPlusColorChange_edited.png
bottom of page