6 ਅਕਤੂਬਰ
ਭਾਰਤ ਦੇ ਕਈ ਰਾਜਾਂ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਬਾਰਿਸ਼ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰ-ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇੱਕ ਵਾਰ ਫਿਰ ਮੌਸਮ ਖਰਾਬ ਹੋਣ ਵਾਲਾ ਹੈ, ਜਿਸ ਦੇ ਚੱਲਦਿਆਂ 9 ਅਕਤੂਬਰ ਤੱਕ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਾਰਿਸ਼ ਹੋ ਸਕਦੀ ਹੈ ।
ਮੌਸਮ ਵਿਭਾਗ ਵੱਲੋਂ ਬਾਰਿਸ਼ ਦੇ ਨਾਲ -ਨਾਲ ਤੂਫਾਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ । ਮੌਸਮ ਵਿਭਾਗ ਅਨੁਸਾਰ 8 ਅਕਤੂਬਰ ਦੀ ਰਾਤ ਨੂੰ ਤਾਜ਼ਾ ਪੱਛਮੀ ਗੜਬੜੀ ਉੱਤਰ-ਪੱਛਮੀ ਭਾਰਤ ਵਿੱਚ ਦਸਤਕ ਦੇਵੇਗਾ । ਇਸ ਦੇ ਚੱਲਦਿਆਂ ਹਿਮਾਲੀਅਨ ਰਾਜਾਂ ਵਿੱਚ ਮੌਸਮ ਕਰਵਟ ਲਵੇਗਾ ਅਤੇ ਭਾਰੀ ਬਾਰਿਸ਼ ਹੋਵੇਗੀ । ਇਸ ਦਾ ਅਸਰ ਦਿੱਲੀ ਦੇ ਮੌਸਮ ‘ਤੇ ਵੀ ਦੇਖਣ ਨੂੰ ਮਿਲੇਗਾ।
ਭਾਰਤੀ ਮੌਸਮ ਵਿਭਾਗ ਨੇ ਬੁੱਧਵਾਰ ਨੂੰ 8 ਅਕਤੂਬਰ ਤੱਕ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ । ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਵਿੱਚ ਅਸਧਾਰਨ ਤੌਰ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਤੇ ਵੀ ਰਹੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ ਮਾਨਸੂਨ ਦੀ ਵਿਦਾਈ ਹੋ ਚੁੱਕੀ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਉੱਥੇ ਹੀ ਰਾਤ ਦੇ ਸਮੇਂ ਹਲਕੀ-ਹਲਕੀ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਰਾਤ ਦੇ ਸਮੇਂ ਠੰਡ ਦੇ ਆਸਾਰ ਵੱਧ ਸਕਦੇ ਹਨ। ਮੌਸਮ ਵਿਬਾਗ ਅਨੁਸਾਰ 8 ਅਕਤੂਬਰ ਤੋਂ ਬਾਅਦ ਸੂਬੇ ਵਿੱਚ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਹੋਣ ਤੋਂ ਬਾਅਦ ਮੌਸਮ ਫਿਰ ਤੋਂ ਆਪਣੀ ਕਰਵਟ ਬਦਲ ਲਵੇਗਾ।
コメント