google-site-verification=ILda1dC6H-W6AIvmbNGGfu4HX55pqigU6f5bwsHOTeM
top of page

ਅੰਨਦਾਤਾ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ - ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਖੰਨਾ/ਲੁਧਿਆਣਾ, 04 ਅਕਤੂਬਰ

ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅੰਨਦਾਤਾ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ, ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵਲੋਂ ਏਸ਼ੀਆ ਦੀ ਸੱਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਨਾਂ ਦੇ ਨਾਲ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਖੁੱਡੀਆਂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਬੀਤੇ ਕੱਲ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਝੋਨੇ ਦੀ ਖਰੀਦ ਦੀ ਰਸਮੀ ਸੁ਼ਰੂਆਤ ਚਮਕੌਰ ਸਾਹਿਬ ਤੋਂ ਕੀਤੀ ਗਈ ਸੀ। ਖੰਨਾ ਮੰਡੀ ਵਿਖੇ ਅੱਜ ਉਨ੍ਹਾਂ ਖਰੀਦ ਕਾਰਜ਼ਾਂ ਦੀ ਸੁ਼ਰੂਆਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਵਿੱਚ ਹੁਣ ਤੱਕ 8352 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, 7837 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਦਕਿ ਸਿਰਫ 515 ਟਨ ਝੋਨਾ ਹੀ ਮੰਡੀਆਂ ਵਿੱਚ ਬਕਾਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੇ ਖ਼ਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਫਸਲ ਦਾ ਰੰਗ ਵੀ ਚੰਗਾ ਹੈ ਅਤੇ ਝਾੜ ਵੀ ਵਧੀਆਂ ਹੈ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਬਿਜਲੀ, ਪਾਣੀ ਆਦਿ ਸਮੇਤ ਪਖਾਨਿਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਮੰਡੀਆਂ ਦੇ ਮੁੱਖ ਗੇਟਾਂ 'ਤੇ ਸੇਵਾਦਾਰਾਂ ਦੀ ਡਿਊਟੀ ਲਗਾ ਝੋਨੇ ਦੀ ਨਮੀ ਵੀ ਚੈੱਕ ਕੀਤੀ ਜਾਵੇਗੀ, ਰੋਜ਼ਾਨਾ ਖ਼ਰੀਦ ਕੀਤੀ ਜਾਵੇਗੀ ਉਸ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਚਲੀ ਜਾਵੇਗੀ।

ਉਹਨਾਂ ਦੱਸਿਆ ਕਿ ਖੰਨਾ ਮੰਡੀ ਵਿਖੇ ਪਨਗ੍ਰੇਨ, ਮਾਰਕਫੈੱਡ, ਵੇਅਰਹਾਊਸ ਅਤੇ ਪਨਸਪ ਵੱਲੋਂ ਖਰੀਦ ਕੀਤੀ ਜਾਣੀ ਹੈ। ਇਸ ਸਾਲ ਵੀ ਜ਼ਿਲ੍ਹਾ ਲੁਧਿਆਣਾ ਵਿੱਚ ਕਰੀਬ 16 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਆਮਦ ਹੋਣ ਦੀ ਸੰਭਾਵਨਾ ਹੈ।

ਇਸ ਮੌਕੇ ਐਸ.ਡੀ.ਐਮ. ਖੰਨਾ ਸਵਾਤੀ, ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਪੂਰਬੀ) ਸਿਫਾਲੀ ਚੋਪੜਾ, ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਰਤਨਹੇੜੀ, ਲਛਮਣ ਸਿੰਘ ਗਰੇਵਾਲ, ਸੁਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Comments


Logo-LudhianaPlusColorChange_edited.png
bottom of page