google-site-verification=ILda1dC6H-W6AIvmbNGGfu4HX55pqigU6f5bwsHOTeM
top of page

ਜ਼ੀਰੋ ਬਰਨਿੰਗ ਦੇ ਉਦੇਸ਼ ਦੀ ਪੂਰਤੀ ਲਈ ਪਰਾਲੀ ਦਾ ਉਚਿਤ ਪ੍ਰਬੰਧਣ ਜ਼ਰੂਰੀ - ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਲੁਧਿਆਣਾ 29-9-2023

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਣ ਉੱਤੇ ਲਾਭਪਾਤਰੀਆਂ ਦੀ ਸਲਾਹ-ਮਸ਼ਵਰਾ ਮਿਲਣੀ ਕਰਵਾਈ ਗਈ। ਭਾਰਤੀ ਖੇਤੀ ਖੋਜ ਪ੍ਰੀਸ਼ਦ-ਅਟਾਰੀ ਜ਼ੋਨ-1, ਲੁਧਿਆਣਾ ਅਤੇ ਪੀ.ਏ.ਯੂ. ਵੱਲੋਂ ਆਯੋਜਿਤ ਇਸ ਮਿਲਣੀ ਵਿਚ ਸ. ਗੁਰਮੀਤ ਸਿੰਘ ਖੁੱਡੀਆਂ, ਮਾਣਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮਿਲਣੀ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ. ਏ. ਯੂ. ਨੇ ਕੀਤੀ। ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਫਾਰਮਰਜ਼ ਕਮਿਸ਼ਨ, ਡਾ. ਆਰ.ਕੇ. ਸਿੰਘ, ਏ.ਡੀ ਜੀ., ਆਈ. ਸੀ. ਏ. ਆਰ. ਅਤੇ ਡਾ. ਪਰਵਿੰਦਰ ਸ਼ਿਓਰਾਂ, ਨਿਰਦੇਸ਼ਕ, ਅਟਾਰੀ, ਜੋਨ-1 ਲੁਧਿਆਣਾ ਇਸ ਮਿਲਣੀ ਵਿਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

ਪੰਜਾਬ ਭਰ ਤੋਂ ਆਏ ਅਗਾਂਹਵਾਧੂ ਕਿਸਾਨਾਂ, ਪੀ. ਏ. ਯੂ. ਵਿਗਿਆਨੀਆਂ ਅਤੇ ਗੁਆਂਢੀ ਸੂਬਿਆਂ ਦੇ ਕੇ. ਵੀ.ਕੇ. ਦੇ ਮਾਹਿਰਾਂ ਨੇ ਹਰੇ ਇਨਕਲਾਬ ਦੇ ਬਾਨੀ ਡਾ. ਐੱਮ. ਐੱਸ ਸਵਾਮੀਨਾਥਨ ਦੇ ਸਵਰਗਵਾਸ ਹੋਣ ਤੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡਾ. ਐੱਮ. ਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਾਲੇ ਡਾ. ਸਵਾਮੀਨਾਥਨ ਦੀ ਦੂਰ-ਦ੍ਰਿਸ਼ਟੀ ਪ੍ਰਤੀ ਸਮੁੱਚੇ ਦੇਸ਼ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ। ਖੁੱਡੀਆਂ ਨੇ ਕਿਹਾ ਕਿ ਡਾ. ਸਵਾਮੀਨਾਥਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚਲਦਿਆਂ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੇ ਹਰੀ ਕ੍ਰਾਂਤੀ ਲਿਆ ਕੇ ਕਣਕ-ਝੋਨੇ ਦੇ ਅੰਬਾਰ ਲਗਾਉਣ ਅਤੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀਆਂ ਫਸਲਾਂ ਨਾਲ ਝਾੜ ਵਿਚ ਇਜ਼ਾਫ਼ਾ ਹੋਇਆ ਹੈ ਪਰ ਇਸਦੇ ਨਾਲ ਨਾਲ ਫਸਲਾਂ ਦਾ ਰਹਿੰਦ-ਖੂੰਹਦ ਵੀ ਵਧਿਆ ਹੈ, ਜਿਸਦਾ ਉਚਿਤ ਪ੍ਰਬੰਧਣ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ ਤਾਂ ਜੋ ਕੁਦਰਤੀ ਸੋਮਿਆਂ ਦਾ ਰੱਖ-ਰਖਾਅ ਹੋ ਸਕੇ ਅਤੇ ਵਾਤਾਵਰਨ ਵੀ ਪਲੀਤ ਨਾ ਹੋਵੇ। ਪਰਾਲੀ ਪ੍ਰਬੰਧਣ ਨੂੰ ਗੰਭੀਰਤਾ ਨਾਲ ਲੈਣ ਦੀ ਤਾਕੀਦ ਕਰਦਿਆਂ ਉਨ੍ਹਾਂ ਇਸਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਨ ਲਈ ਕਿਹਾ ਕਿਉਂਕਿ ਇਸ ਨਾਲ ਜਿੱਥੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ ਉੱਥੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਭੱਠਿਆਂ, ਥਰਮਲ ਪਲਾਂਟਾਂ ਅਤੇ ਗੈਸ ਪਲਾਂਟਾਂ ਆਦਿ ਵਿਚ ਪਰਾਲੀ ਦੀ ਉਪਯੋਗਤਾ ਤੇ ਚਾਣਨ ਪਾਉਂਦਿਆਂ ਉਨ੍ਹਾਂ ਇਸਨੂੰ ਜ਼ਮੀਨ ਵਿਚ ਵਾਹੁਣ ਦੀ ਸਿਫ਼ਾਰਸ਼ ਕੀਤੀ, ਜਿਸ ਨਾਲ ਧਰਤੀ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲਦੇ ਹਨ। ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਨਵੀਂ ਖੇਤ ਮਸ਼ੀਨਰੀ ਦੀ ਵਰਤੋਂ ਦੀ ਸਿਫਾਰਸ਼ ਕਰਦਿਆਂ ਉਨ੍ਹਾਂ ਨੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵੀ ਦੱਸਿਆ। ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਹੋ ਰਹੀ ਕਮੀ ਤੇ ਤੱਸਲੀ ਪ੍ਰਗਟ ਕਰਦਿਆਂ ਉਨ੍ਹਾਂ ਇਸਨੂੰ ਸਾਂਝੇ ਉਪਰਾਲਿਆਂ ਨਾਲ ਜ਼ੀਰੋ ਬਰਨਿੰਗ ਤੇ ਲਿਆਉਣ ਲਈ ਕਿਹਾ ਤਾਂ ਜੋ ਜਾਨ ਮਾਲ ਦੀ ਰਾਖੀ ਹੋਣ ਦੇ ਨਾਲ ਨਾਲ ਵਾਤਾਵਰਨ ਦੀ ਸ਼ੁੱਧਤਾ ਵੀ ਕਾਇਮ ਰਹਿ ਸਕੇ। ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਡਾ. ਸਵਾਮੀਨਾਥਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਝਾਤ ਪੁਆਈ।

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਣਕ ਤੋਂ ਬਾਅਦ ਝੋਨਾ ਡਾ. ਸਵਾਮੀਨਾਥਨ ਅਤੇ ਡਾ. ਗੁਰਦੇਵ ਸਿੰਘ ਖੁਸ਼ ਦੇ ਯਤਨਾਂ ਸਦਕਾ ਹੀ ਆਇਆ। ਵੱਧ ਝਾੜ ਅਤੇ ਯਕੀਨਣ ਮੰਡੀਕਰਨ ਕਰਕੇ ਅੱਜ ਪੰਜਾਬ ਵਿਚ ਝੋਨੇ ਦੀ ਕਾਸ਼ਤ ਵੱਧ ਹੋ ਰਹੀ ਹੈ। ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਖੇਤੀ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਮਸ਼ੀਨਰੀ ਅਤੇ ਤਕਨੀਕਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2005 ਵਿਚ ਵਿਕਸਿਤ ਹੋਏ ਹੈਪੀ ਸੀਡਰ ਤੋਂ ਲੈ ਕੇ ਹੁਣ ਤੱਕ ਕਈ ਮਸ਼ੀਨਾਂ ਆ ਗਈਆਂ ਹਨ, ਜਿਨ੍ਹਾਂ ਨਾਲ ਅਸੀਂ ਪਰਾਲੀ ਦਾ ਉਚਿਤ ਪ੍ਰਬੰਧਣ ਕਰ ਸਕਦੇ ਹਾਂ। ਸਰਫੇਸ ਸੀਡਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆਂ ਕਿ ਇਸ ਨਾਲ ਕਣਕ ਦੀ ਬਿਜਾਈ ਅਤੇ ਪੁੰਗਾਰ ਜਲਦੀ ਹੁੰਦਾ ਹੈ, ਖਰਚੇ ਅਤੇ ਪਾਣੀ ਦੀ ਬੱਚਤ ਹੋਣ ਦੇ ਨਾਲ ਨਾਲ ਗੁੱਲੀ ਡੰਡੇ ਵਰਗੇ ਨਦੀਨਾਂ ਅਤੇ ਫ਼ਸਲ ਦੇ ਡਿੱਗਣ ਤੋਂ ਰਾਹਤ ਮਿਲਦੀ ਹੈ ਅਤੇ ਤੂੜੀ ਅਤੇ ਝਾੜ ਵੱਧ ਹਾਸਲ ਹੁੰਦਾ ਹੈ। ਜ਼ਮੀਨ ਨੂੰ ਪੋਸ਼ਟਿਕ ਤੱਤਾਂ ਦਾ ਬੈਂਕ ਦੱਸਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਸਨੂੰ ਖਾਲੀ ਨਾ ਕਰੀਏ ਕਿਉਂਕਿ ਖਾਦਾਂ ਦਾ ਇਕ ਤਿਹਾਈ ਹਿੱਸਾ ਪਰਾਲੀ ਵਿਚ ਹੁੰਦਾ ਹੈ, ਜੋ ਅੱਗ ਲਗਾਣ ਨਾਲ ਇਸਦੇ ਨਾਲ ਹੀ ਨਸ਼ਟ ਹੋ ਜਾਂਦਾ ਹੈ। ਪਰਾਲੀ ਨੂੰ ਖੇਤ ਵਿਚ ਹੀ ਰੱਖਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਭੂਮੀ ਦੀ ਸਿਹਤ ਠੀਕ ਰਹਿੰਦੀ ਹੈ ਉੱਥੇ ਖਾਦਾਂ ਤੇ ਖਰਚੇ ਘੱਟ ਹੁੰਦੇ ਹਨ ਅਤੇ ਵਾਤਾਵਰਨ ਵੀ ਬਚਿਆ ਰਹਿੰਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿਚ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਦਾ ਉਚਿਤ ਪ੍ਰਬੰਧਣ ਕਰਨ ਲਈ ਸਾਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਅਸੀਂ ਜ਼ੀਰੋ ਬਰਨਿੰਗ ਦੇ ਮਿੱਥੇ ਟੀਚੇ ਨੂੰ ਹਾਸਲ ਕਰ ਸਕੀਏ। ਇਸ ਮੌਕੇ ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਜੀਵ-ਜੰਤੂਆਂ ਲਈ ਆਕਸੀਜਨ ਦੀ ਮਹੱਤਤਾ ਤੇ ਚਾਣਨਾ ਪਾਉਂਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਆਕਸੀਜਨ ਖਤਮ ਕਰ ਲੈਂਦੇ ਹਾਂ ਅਤੇ ਕਾਰਬਨ ਮੋਨੋਆਕਸਾਇਡ ਪੈਦਾ ਕਰ ਰਹੇ ਹਾਂ, ਜੋ ਸਮੁੱਚੇ ਜੀਵ-ਜੰਤੂਆਂ ਲਈ ਘਾਤਕ ਸਿੱਧ ਹੁੰਦੀ ਹੈ। ਕੁਦਰਤੀ ਕਰੋਪੀਆਂ ਤੋਂ ਬਚਣ ਲਈ ਪਰਾਲੀ ਨੂੰ ਨਾ ਸਾੜਨ ਦੀ ਤਾਕੀਦ ਕਰਦਿਆਂ ਉਨ੍ਹਾਂ ਇਸਨੂੰ ਸੋਧ ਕੇ ਡੰਗਰਾਂ ਦੇ ਖਾਣ ਲਈ ਵਰਤਣ ਦੀ ਸਿਫਾਰਸ਼ ਕੀਤੀ। ਇਸ ਮੌਕੇ ਡਾ. ਪਰਵਿੰਦਰ ਸ਼ਿਓਰਾਂ, ਨਿਰਦੇਸ਼ਕ ਅਟਾਰੀ ਜ਼ੋਨ-ੀ ਨੇ ਇਸ ਮਿਲਣੀ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਮਾਹਿਰਾਂ ਦਾ ਨਿੱਘਾ ਜੀ ਆਇਆਂ ਕਰਦਿਆਂ ਆਈ. ਸੀ. ਏ. ਆਰ. ਵਲੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸੂਬਿਆਂ ਵਿਚ ਕੇ.ਵੀ.ਕੇ’ਜ਼ ਰਾਹੀਂ ਜਾਣਕਾਰੀ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਣ ਪ੍ਰੋਜੈਕਟ ਉੱਤੇ ਸਾਲ 2023-24 ਦੀ ਯੋਜਨਾਬੰਦੀ ਵੀ ਸਾਂਝੀ ਕੀਤੀ। ਪੰਜਾਬ ਵਿਚ ਜ਼ੀਰੋ ਬਰਨਿੰਗ ਦੇ ਉਦੇਸ਼ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਕੇ.ਵੀ.ਕੇ’ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਦਰਸ਼ਨੀਆਂ ਲਗਾਉਣ ਲਈ ਕਿਹਾ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਰੋਡ ਮੈਪ ਅਤੇ ਫਸਲ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਉੱਤੇ ਰੀਵਿਊ ਵਰਕਸ਼ਾਪ ਦੀ ਈ-ਪਬਲੀਕੇਸ਼ਨ ਵੀ ਰਿਲੀਜ਼ ਜਾਰੀ ਕੀਤੀ। ਇਸ ਮੌਕੇ ਡਾ. ਆਰ.ਕੇ. ਸਿੰਘ, ਏ ਡੀ ਜੀ, ਆਈ ਸੀ ਏ ਆਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਵਿੱਚ ਪੀ.ਏ.ਯੂ. ਦੇ ਵਿਗਿਆਨੀ ਬਹੁਤ ਵੱਡੀ ਭੂਮਿਕਾ ਨਿਭਾਅ ਰਹੇ ਹਨ ਪਰ ਸਾਨੂੰ ਆਪਣੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਜੇਕਰ ਦੂਜੇ ਰਾਜਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਆ ਰਹੀ ਹੈ ਤਾਂ ਪੰਜਾਬ ਵਿੱਚ ਵੀ ਅਸੀਂ ਜ਼ੀਰੋ ਬਰਨਿੰਗ ਦੇ ਇਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ। ਭਾਰਤ ਸਰਕਾਰ ਵੱਲੋਂ ਇਸ ਦਿਸ਼ਾ ਵੱਲ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣ ਪਾਉਂਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਇਸ ਮੌਕੇ ਡਾ. ਗੁਰਸਾਹਿਬ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ; ਸੁਪਰ ਸੀਡਰ, ਹੈਪੀ ਸੀਡਰ ਅਤੇ ਸਰਫੇਸ ਸੀਡਰ ਦੇ ਨਾਲ ਨਾਲ ਇਨ ਸਿਟੂ ਅਤੇ ਐਕਸ ਸਿਟੂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੇ ਅਪਣੇ ਖੇਤਾ ਵਿਚ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਅਤੇ ਵਰਤੀ ਜਾ ਰਹੀ ਖੇਤ ਮਸ਼ੀਨਰੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਬਾਹਰਲੇ ਸੂਬਿਆਂ ਦੇ ਖੇਤੀ ਮਾਹਿਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ। ਇਸ ਮੌਕੇ ਪਰਾਲੀ ਪ੍ਰਬੰਧਨ ਉੱਤੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਕੇ.ਵੀ.ਕੇ. ਵੱਲੋਂ ਵੀ ਨੁਮਾਇੰਸ਼ਾਂ ਲਗਾਈਆਂ ਗਈਆਂ।

Comments


Logo-LudhianaPlusColorChange_edited.png
bottom of page