google-site-verification=ILda1dC6H-W6AIvmbNGGfu4HX55pqigU6f5bwsHOTeM
top of page

Breaking: ਪੰਜਾਬ ਪੁਲਿਸ ਦਾ AIG ਮਾਲਵਿੰਦਰ ਸਿੱਧੂ ਗ੍ਰਿਫਤਾਰ

26 ਅਕਤੂਬਰ

ਪੰਜਾਬ ਪੁਲਿਸ ਦੇ ਵਧੀਕ ਇੰਸਪੈਕਟਰ ਜਨਰਲ ਆਫ਼ ਪੁਲਿਸ (ਏਆਈਜੀ) ਹਿਊਮਨ ਰਾਈਟਸ ਮਾਲਵਿੰਦਰ ਸਿੰਘ ਸਿੱਧੂ ਨੂੰ ਮੁਹਾਲੀ ਪੁਲਿਸ ਨੇ ਬੁੱਧਵਾਰ ਦੇਰ ਸ਼ਾਮ ਵਿਜੀਲੈਂਸ ਹੈੱਡਕੁਆਰਟਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਵਿਜੀਲੈਂਸ ਹੈੱਡਕੁਆਰਟਰ ਵਿਖੇ ਅਧਿਕਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਧੱਕਾ-ਮੁੱਕੀ ਕਰਕੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ ਦਾ ਦੋਸ਼ ਹੈ। ਉਨ੍ਹਾਂ ਨੇ ਕੁਝ ਦਸਤਾਵੇਜ਼ਾਂ ਨੂੰ ਵੀ ਨੁਕਸਾਨ ਪਹੁੰਚਾਇਆ।

ਐਸਐਸਪੀ ਮੁਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਵਿਜੀਲੈਂਸ ਦੇ ਡੀਐਸਪੀ ਵਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਫੇਜ਼-8 ਵਿੱਚ ਏਆਈਜੀ ਖ਼ਿਲਾਫ਼ ਆਈਪੀਸੀ ਦੀ ਧਾਰਾ 353, 183, 323 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੇ ਹੈੱਡਕੁਆਰਟਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਏਆਈਜੀ ਨੂੰ ਸਵੇਰੇ ਪੁੱਛਗਿੱਛ ਲਈ ਬੁਲਾਇਆ ਗਿਆ ਅਤੇ ਸ਼ਾਮ ਤੱਕ ਰਿਹਾਅ ਨਹੀਂ ਕੀਤਾ ਗਿਆ। ਉਨ੍ਹਾਂ ਦੇ ਫੋਨ ਵੀ ਬੰਦ ਰਹੇ। ਉਨ੍ਹਾਂ ਕਿਹਾ ਕਿ ਏਆਈਜੀ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਵਿਜੀਲੈਂਸ ਬਿਊਰੋ ਲੰਬੇ ਸਮੇਂ ਤੋਂ ਏਆਈਜੀ ਮਾਲਵਿੰਦਰ ਸਿੰਘ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਅਤੇ ਫਿਰੌਤੀ ਨਾਲ ਸਬੰਧਤ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਸੀ। ਬੁੱਧਵਾਰ ਨੂੰ ਵਿਜੀਲੈਂਸ ਨੇ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਜਦੋਂ ਏਆਈਜੀ ਵਿਜੀਲੈਂਸ ਹੈੱਡਕੁਆਰਟਰ ਪੁੱਜੇ ਤਾਂ ਉਥੇ ਤਾਇਨਾਤ ਅਧਿਕਾਰੀਆਂ ਨੇ ਕਿਹਾ ਕਿ ਉਹ ਪੁੱਛ-ਪੜਤਾਲ ਦੌਰਾਨ ਫ਼ੋਨ ਆਪਣੇ ਨਾਲ ਨਹੀਂ ਲੈ ਸਕਦਾ।

ਹਾਲਾਂਕਿ ਉਨ੍ਹਾਂ ਕੋਲ ਦੋ ਫ਼ੋਨ ਸਨ। ਇਹ ਸੁਣ ਕੇ ਏਆਈਜੀ ਉਨ੍ਹਾਂ ਅਫ਼ਸਰਾਂ ’ਤੇ ਗੁੱਸੇ ਵਿੱਚ ਆ ਗਏ। ਉਨ੍ਹਾਂ ਦਲੀਲ ਦਿੱਤੀ ਕਿ ਉਹ ਐਸਐਸਪੀ ਪੱਧਰ ਦਾ ਅਧਿਕਾਰੀ ਹੈ। ਜਾਂਚ ਦੌਰਾਨ ਉਹ ਫੋਨ ਆਪਣੇ ਨਾਲ ਲੈ ਜਾ ਸਕਦਾ ਹੈ ਪਰ ਵਿਜੀਲੈਂਸ ਅਧਿਕਾਰੀ ਅੜੇ ਰਹੇ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਂਚ ਪ੍ਰਭਾਵਿਤ ਹੋਵੇਗੀ। ਇਸ ਦੌਰਾਨ ਕਾਫੀ ਦੇਰ ਤੱਕ ਮਾਹੌਲ ਗਰਮ ਰਿਹਾ। ਸਥਿਤੀ ਧੱਕਾ-ਮੁੱਕੀ ਅਤੇ ਗਾਲ੍ਹਾਂ ਤੱਕ ਪਹੁੰਚ ਗਈ। ਵਿਜੀਲੈਂਸ ਨੂੰ ਸ਼ੱਕ ਹੋਇਆ ਕਿ ਏਆਈਜੀ ਕੋਲ ਕੋਈ ਹੋਰ ਫੋਨ ਹੋ ਸਕਦਾ ਹੈ।

ਦੋਸ਼ ਹੈ ਕਿ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੱਪੜਿਆਂ ‘ਚ ਛੁਪਾਇਆ ਹੋਇਆ ਰਿਕਾਰਡਰ ਮਿਲਿਆ। ਇਸ ਤੋਂ ਬਾਅਦ ਮਾਮਲਾ ਤੁਰੰਤ ਉੱਚ ਅਧਿਕਾਰੀਆਂ ਨਾਲ ਸਾਂਝਾ ਕੀਤਾ ਗਿਆ।

ਇਸ ਸਬੰਧੀ ਥਾਣਾ ਫੇਜ਼-8 ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਕਾਫੀ ਦੇਰ ਤੱਕ ਉਸਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ। ਅਖੀਰ ਪੁਲਿਸ ਨੇ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਥਾਣੇ ਲੈ ਗਈ।


Comments


Logo-LudhianaPlusColorChange_edited.png
bottom of page