23 ਅਕਤੂਬਰ
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਔਨਲਾਈਨ ਅੰਤਰਰਾਸ਼ਟਰੀ ਵਿਚਾਰ ਗੋ਼ਟੀ ਤੇ ਕਵੀ ਦਰਬਾਰ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਚੇਅਰਮੈਨ ਪੰਜਾਬ ਆਰਟਸ ਕੌਂਸਲ ਨੇ ਕੀਤੀ। ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕਵੀ ਦਰਬਾਰ ਦੇ ਸੰਚਾਲਕ ਅਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪ੍ਰੋ. ਮੋਹਨ ਸਿੰਘ ਦੀ ਆਧੁਨਿਕ ਪੰਜਾਬੀ ਕਵਿਤਾ ਨੂੰ ਵਡਮੁੱਲੀ ਸਾਹਿਤਕ ਦੇਣ ਉੱਤੇ ਚਾਨਣਾ ਪਾਇਆ।
ਸੁਆਗਤੀ ਸ਼ਬਦ ਬੋਲਦਿਆਂ ਕੈਨੇਡਾ ਤੋਂ ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਕਿਹਾ ਕਿ ਪ੍ਰੋ. ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਤੇ ਪ੍ਰਗਤੀਵਾਦ ਦੀ ਕਵਿਤਾ ਦਾ ਮਾਣਮੱਤਾ ਸ਼ਾਇਰ ਹੈ। ਉਨਾਂ ਨੇ ਕਿਹਾ ਕਿ ਆਧੁਨਿਕ ਪੰਜਾਬੀ ਕਵਿਤਾ ਵਿੱਚ ਜਦ ਤੱਕ ਪ੍ਰੋ. ਮੋਹਨ ਸਿੰਘ ਦਾ ਜ਼ਿਕਰ ਨਹੀਂ ਹੁੰਦਾ ਤਦ ਤੱਕ ਆਧੁਨਿਕ ਪੰਜਾਬੀ ਕਵਿਤਾ ਅਧੂਰੀ ਹੈ। ਉਨਾਂ ਨੇ ਇਸ ਕਵੀ ਦਰਬਾਰ ਵਿੱਚ ਸ਼ਾਮਿਲ ਅਦੀਬਾਂ ਤੇ ਸਰੋਤਿਆਂ ਨੂੰ ਰਸਮੀ ਤੌਰ ਤੇ ਸਵਾਗਤੀ ਸ਼ਬਦ ਵੀ ਕਹੇ।
ਵਿਸ਼ੇਸ਼ ਮਹਿਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰੋਫੈਸਰ ਮੋਹਣ ਸਿੰਘ ਨਾਲ ਜੁੜੀਆਂ ਖ਼ੂਬਸੂਰਤ ਤੇ ਨਿੱਘੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਧਰਤੀ ਦੇ ਕਣ ਕਣ ਬਾਰੇ ਫ਼ਿਕਰਮੰਦ ਕਵੀ ਸੀ। ਉਹ ਪੰਜਾਬੀ ਜ਼ਬਾਨ ਦਾ ਅਜਿਹਾ ਸਪੂਤ ਸੀ ਜਿਸ ਨੇ 1936 ਵਿੱਚ ਖਾਲਸਾ ਕਾਲਿਜ ਅੰਮ੍ਰਿਤਸਰ ਦੇ ਫਾਰਸੀ ਪ੍ਰੋਫੈਸਰ ਵਜੋਂ ਇਹ ਲਿਖ ਕੇ ਤਿਆਗ ਪੱਤਰ ਦਿੱਤਾ ਕਿ ਮੇਰੀ ਮਾਂ ਬੋਲੀ ਪੰਜਾਬੀ ਨੂੰ ਮੇਰੀ ਲੋੜ ਹੈ। ਇਸ ਉਪਰੰਤ ਉਨ੍ਹਾਂ ਪੰਜ ਦਰਿਆ ਮੈਗਜ਼ੀਨ ਆਰੰਭਿਆ ਅਤੇ ਕਰਤਾਰ ਸਿੰਘ ਦੁੱਗਸ , ਸ ਸ ਨਰੂਲਾ, ਕੁਲਵੰਤ ਸਿੰਘ ਵਿਰਕ, ਪ੍ਰਿੰਸੀਪਲ ਤਖ਼ਤ ਸਿੰਘ, ਸ ਸ ਮੀਸ਼ਾ ਤੇ ਕਿੰਨੇ ਹੋਰ ਲੇਖਕ ਪਹਿਲੀ ਵਾਰ ਪੰਜ ਦਰਿਆ ਵਿੱਚ ਛਾਪ ਕੇ ਪਾਠਕਾਂ ਨਾਲ ਮਿਲਾਏ। ਉਨ੍ਹਾਂ ਦਾ ਜੀ ਜੀ ਐੱਨ ਖਾਲਸਾ ਕਾਲਿਜ ਨਾਲ ਵਿਸ਼ੇਸ਼ ਸਨੇਹ ਸੀ ਅਤੇ ਉਹ ਕਦੇ ਕੋਈ ਸਮਾਗਮ ਨਹੀਂ ਸਨ ਛੱਡਦੇ। ਮੇਰੇ ਵਰਗੇ ਸੈਂਕੜੇ ਵਿਦਿਆਰਥੀ ਉਨ੍ਹਾਂ ਦੇ ਪਿਆਰ ਪਾਤਰ ਬਣ ਕੇ ਸਾਹਿੱਤ ਸਿਰਜਣ ਵੱਲ ਤੁਰੇ।
ਪੰਜਾਬੀ ਕਵੀਆਂ ਮਨਜੀਤ ਇੰਦਰਾ (ਮੋਹਾਲੀ), ਸੁਖਵਿੰਦਰ ਅੰਮ੍ਰਿਤ (ਆਸਟਰੇਲੀਆ), ਚਰਨ ਸਿੰਘ (ਕੈਨੇਡਾ)ਅਰਤਿੰਦਰ ਸੰਧੂ (ਅੰਮ੍ਰਿਤਸਰ) ਸਵਰਨਜੀਤ ਸਵੀ( ਲੁਧਿਆਣਾ), ਤ੍ਰੈਲੋਚਨ ਲੋਚੀ (ਲੁਧਿਆਣਾ), ਮਨਜਿੰਦਰ ਧਨੋਆ( ਲੁਧਿਆਣਾ), ਮੋਹਨ ਗਿੱਲ,ਡਾਃ ਗੁਰਮਿੰਦਰ ਕੌਰ ਸਿੱਧੂ,ਪਰਮਵੀਰ ਸਿੰਘ,ਤੇ ਡਾਃ ਲਖਵਿੰਦਰ ਸਿੰਘ ਗਿੱਲ ਸਮੇਤ ਸਭਨਾਂ ਨੇ (ਸਰੀ ਕੈਨੇਡਾ ਤੋਂ)ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਡਾ. ਸੁਰਜੀਤ ਪਾਤਰ ਹੁਰਾਂ ਨੇ ਪ੍ਰਧਾਨਗੀ ਭਾਸ਼ਣ ਦੇਂਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਬਹੁਪੱਖੀ ਪ੍ਰਤਿਭਾ ਸੀ। ਉਨ੍ਹਾਂ ਪ੍ਰੋਃ ਮੋਹਨ ਸਿੰਘ ਜੀ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪ੍ਰੋ. ਮੋਹਨ ਸਿੰਘ ਨੇ ਪੰਜਾਬੀ ਕਾਲ ਪਰੰਪਰਾ ਨੂੰ ਵਿਸਤ੍ਰਿਤ ਵੀ ਕੀਤਾ ਤੇ ਆਧੁਨਿਕ ਵੀ ਬਣਾਇਆ। ਉਨਾਂ ਦੀ ਕਵਿਤਾ ਗਹਿਰੇ ਅਨੁਭਵਾਂ ਚੋਂ ਉਗਮੀ ਤੇ ਆਪਣੇ ਸਮਿਆਂ ਦੀ ਪ੍ਰਤੀਨਿਧਤਾ ਕਰਦੀ ਹੈ। ਇਸ ਕਰਕੇ ਹੀ ਉਹ ਯੁਗ ਕਵੀ ਵਜੋਂ ਜਾਣੇ ਜਾਂਦੇ ਹਨ। ਪਾਤਰ ਜੀ ਨੇ ਕਵੀ ਦਰਬਾਰ ਵਿਚ ਸ਼ਾਮਲ ਕਵੀਆਂ ਦੀ ਕਵਿਤਾ ਬਾਰੇ ਵੀ ਬੜੀ ਹੀ ਗਹਿਰ ਗੰਭੀਰ ਵਿਚਾਰ ਚਰਚਾ ਕੀਤੀ ਅਤੇ ਇਸ ਸਮੇਂ ਮਹਾਭਾਰਤ ਨਾਲ ਸੰਬੰਧਿਤ ਆਪਣੀ ਇੱਕ ਖੂਬਸੂਰਤ ਨਜ਼ਮ ਵੀ ਸਾਂਝੀ ਕੀਤੀ।
ਪ੍ਰੋਗਰਾਮ ਦੇ ਅਖੀਰ ਤੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਡਾ. ਸ. ਪ. ਸਿੰਘ ਦੀ ਸੁਯੋਗ ਅਗਵਾਈ ਅਧੀਨ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ, ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਤੇਜਿੰਦਰ ਕੌਰ , ਸਃ ਗੁਰਮੀਤ ਸਿੰਘ ਬਾਜਵਾ ਕਲਾਨੌਰ,ਪ੍ਰੋਫੈਸਰ ਮਨਜੀਤ ਸਿੰਘ ,ਗੁਰਮਿੰਦਰ ਕੌਰ ਅਤੇ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ।
Comments